ਨਵਾਂਸ਼ਹਿਰ, 16 ਮਾਰਚ, 2023: ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊੂਮਨ ਸਮੱਗਲਿੰਗ ਐਕਟ-2012 ਦੇ ‘ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼, 2013’ ਤਹਿਤ ਜ਼ਿਲ੍ਹੇ ਦੀਆਂ ਵਿਦੇਸ਼ ਭੇਜਣ ਨਾਲ ਸਬੰਧਤ ਪੰਜ ਫ਼ਰਮਾਂ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਫ਼ਰਮਾਂ ’ਚ ਮੈਸ. ਪਰਮਾਰ ਇੰਟਰਪ੍ਰਾਈਜਜ਼, ਸਟਾਰ ਐਜੂਕੇਸ਼ਨ, ਪੈਸੀਫ਼ਿਕ ਵਰਲਡ ਟ੍ਰੈਵਲ, ਬੋਨਾਫਾਈਡ ਇੰਸਟੀਚਿਊਟ ਫ਼ਾਰ ਫ਼ਾਰੇਨ ਲੈਂਗੂਏਜਿਜ਼ ਅਤੇ ਮੈਸ. ਚੱਗਰ ਟ੍ਰੈਵਲਜ਼ ਨੂੰ ਜਾਰੀ ਲਾਇਸੰਸ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਦੇ ਤਹਿਤ ਰੱਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੈਸ. ਪਰਮਾਰ ਇੰਟਰਪ੍ਰਾਈਜਜ਼, ਨੇੜੇ ਸ਼ੂਗਰ ਮਿੱਲ, ਨਵਾਂਸ਼ਹਿਰ ਬਾਰੇ ਐਸ ਐਸ ਪੀ ਦਫ਼ਤਰ ਪਾਸੋਂ ਪ੍ਰਾਪਤ ਰਿਪੋਰਟ ਅਨੁਸਾਰ ਲਾਇਸੰਸ ਧਾਰਕ ਰਣਵੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਿੰਜੋ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦੇਸ਼ ਜਾਣ ਕਾਰਨ, ਉਸ ਨੂੰ ਜਾਰੀ ਲਾਇਸੰਸ ਨੰਬਰ 12/ਐਮ ਏ/ਐਮ ਸੀ 2 ਮਿਤੀ 24 ਅਗਸਤ 2015 ਜਿਸਦੀ ਮਿਆਦ 24 ਅਗਸਤ 2020 ਤੱਕ ਸੀ, ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਅਮਿ੍ਰਤ ਲਾਲ ਪੁੱਤਰ ਲਛਮਣ ਦਾਸ ਕੁਲਾਮ ਰੋਡ ਨਵਾਂਸ਼ਹਿਰ ਦੀ ਫ਼ਰਮ ਸਟਾਰ ਐਜੂਕੇਸ਼ਨ, ਸਾਹਮਣੇ ਬੱਸ ਸਟੈਂਡ, ਬੰਗਾ ਰੋਡ ਨਵਾਂਸ਼ਹਿਰ ਵੀ ਪੁਲਿਸ ਪਾਸੋਂ ਪ੍ਰਾਪਤ ਰਿਪੋਰਟ ਅਨੁਸਾਰ ਦਫ਼ਤਰ ਛੱਡ ਕੇ ਜਾ ਚੁੱਕਾ ਹੈ, ਜਿਸ ਲਈ ਉਸ ਨੂੰ ਜਾਰੀ ਲਾਇਸੰਸ ਨੰ. 33/ਐਮ ਏ/ਐਮ ਸੀ 2 ਮਿਤੀ 01 ਦਸੰਬਰ, 2015 ਜਿਸ ਦੀ ਮਿਆਦ 29 ਨਵੰਬਰ 2020 ਤੱਕ ਸੀ, ਵੀ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਮਹਿੰਦਰ ਪਾਲ ਪੁੱਤਰ ਭੂਰਾ ਸਿੰਘ ਵਾਸੀ ਸਾਹਿਬਾ ਤਹਿਸੀਲ ਬਲਾਚੌਰ ਦੀ ਫ਼ਰਮ ਪੈਸੀਫ਼ਿਕ ਵਰਲਡ ਟ੍ਰੈਵਲ ਕੁਲਾਮ ਰੋਡ ਨਵਾਂਸ਼ਹਿਰ ਬਾਰੇ ਵੀ ਪੁਲਿਸ ਵੱਲੋਂ ਪ੍ਰਾਪਤ ਰਿਪੋਰਟ ਕਿ ਉਹ ਦੋ ਸਾਲ ਪਹਿਲਾਂ ਕੰਮ ਛੱਡ ਕੇ ਜਾ ਚੁੱਕਾ ਹੈ, ਦੇ ਆਧਾਰ ’ਤੇ ਉੁਸ ਨੂੰ ਜਾਰੀ ਲਾਇਸੰਸ ਨੰਬਰ 41/ਐਮ ਏ/ਐਮ ਸੀ 2 ਮਿਤੀ 8 ਮਾਰਚ 2016 ਜਿਸਦੀ ਮਿਆਦ 29 ਜਨਵਰੀ 2021 ਤੱਕ ਸੀ, ਵੀ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹਰਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੀ ਫ਼ਰਮ ਬੋਨਾਫ਼ਾਈਡ ਇੰਸਟੀਚਿਊਟ ਫ਼ਾਰ ਫ਼ਾਰੇਨ ਲੈਂਗੂਏਜਿਜ਼ ਨਵਾਂਸ਼ਹਿਰ ਨੂੰ ਜਾਰੀ ਲਾਇਸੰਸ ਨੰਬਰ 29/ਐਮ ਏ/ਐਮ ਸੀ 2 ਮਿਤੀ 3 ਨਵੰਬਰ 2015, ਜਿਸ ਦੀ ਮਿਆਦ 30 ਅਕਤੂਬਰ 2020 ਤੱਕ ਸੀ, ਵੀ ਪੁਲਿਸ ਵੱਲੋਂ ਉਸ ਵੱਲੋਂ ਦਫ਼ਤਰ ਛੱਡ ਕੇ ਜਾਣ ਦੀ ਦਿੱਤੀ ਰਿਪੋਰਟ ਬਾਅਦ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਪਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਔੜ, ਤਹਿਸੀਲ ਨਵਾਂਸ਼ਹਿਰ ਦੀ ਫ਼ਰਮ ਮੈਸ. ਚੱਗਰ ਟ੍ਰੈਵਲਜ਼ ਔੜ ਨੂੰ ਜਾਰੀ ਲਾਇਸੰਸ ਨੰ. 49/ਐਮ ਏ/ਐਮ ਸੀ 2 ਮਿਤੀ ਇੱਕ ਜੂਨ 2016, ਜਿਸ ਦੀ ਮਿਆਦ ਇੱਕ ਜੂਨ 2021 ਤੱਕ ਸੀ, ਵੀ ਪੁਲਿਸ ਰਿਪੋਰਟ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਜਾਰੀ ਨਾ ਰੱਖਣ ਦੀ ਸੂਚਨਾ ਬਾਅਦ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ/ਵਿਦਿਆਰਥੀਆਂ ਨੂੰ ਇਨ੍ਹਾਂ ਰੱਦ ਕੀਤੇ ਗਏ ਲਾਇਸੰਸ ਧਾਰਕਾਂ ਨਾਲ ਵਿਦੇਸ਼ ਜਾਣ ਬਾਬਤ ਸਬੰਧੀ ਕੋਈ ਵੀ ਲੈਣ-ਦੇਣ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਰੱਦ ਕੀਤੇ ਗਏ ਲਾਇਸੰਸ ਧਾਰਕਾਂ ਨੂੰ ਇਸ ਗੱਲ ਲਈ ਵੀ ਪਾਬੰਦ ਕੀਤਾ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਲਾਇਸੰਸ ਧਾਰਕ ਹੀ ਜਿੰਮੇਵਾਰ ਹੋਵੇਗਾ ਅਤੇ ਕਿਸੇ ਕਿਸਮ ਦੀ ਭਰਪਾਈ ਲਈ ਵੀ ਖੁਦ ਜਿੰਮੇਵਾਰ ਹੋਵੇਗਾ।