ਚੰਡੀਗੜ੍ਹ, 19 ਮਾਰਚ 2023 – ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਹਿਮਾਚਲ ਪੁਲਿਸ ਵੀ ਅਲਰਟ ‘ਤੇ ਹੈ। ਇਸ ਦੇ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ‘ਤੇ ਗਸ਼ਤ ਵਧਾ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਲਗਾਤਾਰ ਹਿਮਾਚਲ ਪੁਲੀਸ ਦੇ ਸੰਪਰਕ ਵਿੱਚ ਹੈ।
ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲਾ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਨਾਲ ਲੱਗਦੀਆਂ ਹਿਮਾਚਲ ਦੀਆਂ ਸਰਹੱਦਾਂ ‘ਤੇ ਸੂਬਾ ਪੁਲਿਸ ਚੌਕਸ ਹੋ ਗਈ ਹੈ।
ਪੰਜਾਬ ਪੁਲਸ ਨੇ ਸੂਬੇ ਭਰ ‘ਚ ਛਾਪੇਮਾਰੀ ਕਰਕੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਫੜ ਲਿਆ ਪਰ ਅੰਮ੍ਰਿਤਪਾਲ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਹਰ ਨਾਕੇ ‘ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨੰਗਲ ਨਾਲ ਲੱਗਦੇ ਊਨਾ ਜ਼ਿਲ੍ਹੇ ਦੀ ਪੁਲੀਸ ਨੇ ਵੀ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ। ਹਿਮਾਚਲ-ਪੰਜਾਬ ਬਾਰਡਰ ‘ਤੇ ਬਠੜੀ, ਮਾਰਵਾੜੀ, ਸੰਤੋਸ਼ਗੜ੍ਹ, ਮਹਿਤਪੁਰ ਵਿਖੇ ਪੁਲਿਸ ਤਿਆਰ ਹੈ।
ਪੰਜਾਬ ਦੇ ਪਠਾਨਕੋਟ ਦੇ ਗੇਟਵੇ ਕੰਦਵਾਲ ਵਿਖੇ ਚੌਕਸੀ ਵਧਾ ਦਿੱਤੀ ਗਈ ਹੈ। ਸੂਬੇ ਵਿੱਚ ਦਾਖਲ ਹੋਣ ਵਾਲੇ ਹਰ ਛੋਟੇ-ਵੱਡੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਭਾਵੇਂ ਪਿਛਲੇ 24 ਘੰਟਿਆਂ ਵਿੱਚ ਹਿਮਾਚਲ ਵਿੱਚ ਕੋਈ ਵੀ ਹਿੰਸਕ ਕਾਰਵਾਈ ਨਹੀਂ ਹੋਈ ਹੈ ਪਰ ਇਸ ਦੇ ਬਾਵਜੂਦ ਪੁਲੀਸ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ।