- ਹਰਜੋਤ ਬੈਂਸ ਵੱਲੋਂ ਦਫ਼ਤਰਾਂ ’ਚ ਤੈਨਾਤ ਸਾਇੰਸ ਅਤੇ ਗਣਿਤ ਵਿਸ਼ੇ ਦੇ ਲੈਕਚਰਾਰਾਂ ਨੂੰ ਤੁਰੰਤ ਸਕੂਲਾਂ ਵਿੱਚ ਭੇਜਣ ਦੇ ਹੁਕਮ
ਸਾਇੰਸ ਵਿਸ਼ੇ ਦੀ ਪੜਾਈ ਦੇ ਮੱਦੇਨਜਰ ਵਿਦਿਆਰਥੀ ਹਿੱਤ ਵਿੱਚ ਲਿਆ ਫੈਸਲਾ - ਦਫ਼ਤਰਾਂ ਵਿੱਚ ਆਨ ਡਿਊਟੀ ਬੁਲਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕੀਤੀ ਜਾਵੇਗੀ ਸਖ਼ਤ ਅਨੁਸ਼ਾਸਨੀ ਕਾਰਵਾਈ: ਸਿੱਖਿਆ ਮੰਤਰੀ
ਚੰਡੀਗੜ੍ਹ, 22 ਮਾਰਚ 2023 – ਸਕੂਲਾਂ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੀ ਸਾਇੰਸ ਵਿਸ਼ੇ ਦੀ ਪੜਾਈ ਦੇ ਮੱਦੇਨਜਰ ਵਿਦਿਆਰਥੀਆਂ ਦੇ ਹਿੱਤ ਵਿੱਚ ਫੈਸਲਾ ਲੈੰਦਿਆ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਟੇਟ ਮੁੱਖ ਦਫਤਰ, ਜਿਲਾ, ਬਲਾਕ ਜਾਂ ਹੋਰ ਦਫ਼ਤਰਾਂ ਵਿੱਚ ਕੰਮ ਕਰਦੇ ਸਾਇੰਸ ਅਤੇ ਗਣਿਤ ਵਿਸ਼ੇ ਦੇ ਲੈਕਚਰਾਰਾਂ ਨੂੰ ਤੁਰੰਤ ਵਾਪਿਸ ਸਕੂਲਾਂ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ।
ਬੈਂਸ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਕਿਸੇ ਕਿਸਮ ਦੇ ਦਫ਼ਤਰੀ ਕੰਮ ਵਾਸਤੇ ਆਨ-ਡਿਊਟੀ ਵੀ ਨਾਂ ਬੁਲਾਇਆ ਜਾਵੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਬਾਰੇ ਪੂਰੀ ਤਰਾਂ ਵਚਨਬੱਧ ਹੈ ਅਤੇ ਹੁਣ ਇਹ ਲੈਕਚਰਾਰ ਸਿਰਫ ਵਿਦਿਆਰਥੀਆਂ ਨੂੰ ਪੜਾਉਣ ਦਾ ਕੰਮ ਹੀ ਕਰਨਗੇ।
ਹਰਜੋਤ ਸਿੰਘ ਬੈਂਸ ਨੇ ਕਿ ਭਵਿੱਖ ਵਿੱਚ ਜੋ ਅਧਿਕਾਰੀ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਦਫ਼ਤਰੀ ਕੰਮਾਂ ਵਾਸਤੇ ਆਨ ਡਿਊਟੀ ਬੁਲਾਉਣਗੇ ਤਾਂ ਉਹਨਾਂ ਖਿਲਾਫ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।