ਬਠਿੰਡਾ, 22 ਮਾਰਚ 2023 : ਬਠਿੰਡਾ ਜ਼ਿਲ੍ਹੇ ਦੇ ਕਸਬਾ ਕੋਟਫ਼ੱਤਾ ’ਚ ਮਾਸੂਮ ਦਲਿਤ ਭੈਣ ਭਰਾ ਨੂੰ ਬਲੀ ਚੜ੍ਹਾਉਣ ਦੇ ਮਾਮਲੇ ’ਚ ਬਠਿੰਡਾ ਦੀ ਜਿਲ੍ਹਾ ਅਦਾਲਤ ਨੇ ਮੁਕੱਦਮੇ ਵਿੱਚ ਨੇ ਨਾਮਜ਼ਦ ਸੱਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 23 ਮਾਰਚ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਹੈ । ਦੋਸ਼ੀਆਂ ’ਚ ਮ੍ਰਿਤਕ ਬੱਚਿਆਂ ਦੇ ਮਾਂ-ਪਿਓ, ਦਾਦੀ, ਚਾਚਾ ਤੇ ਦੋ ਭੂਆ ਸਮੇਤ ਤਾਂਤਰਿਕ ਸ਼ਾਮਿਲ ਹੈ।ਜੋ ਮੁਲਜ਼ਮ ਗਿ੍ਰਫ਼ਤ ਤੋਂ ਬਾਹਰ ਸਨ, ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈਕੇ ਜੇਲ੍ਹ ਭੇਜ ਦਿੱਤਾ ਗਿਆ ਹੈ ।
ਇਸ ਸੰਵੇਦਨਸ਼ੀਲ ਮਾਮਲੇ ਦੀ ਪੈਰਵਾਈ ਕਰਨ ਵਾਲੀ ਐਕਸ਼ਨ ਕਮੇਟੀ ਦੇ ਮੈਂਬਰ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਮਾਸੂਮਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ ਅਤੇ ਲੰਮੇ ਸਮੇਂ ਤੋਂ ਲੜੇ ਜਾ ਰਹੇ ਸੰਘਰਸ਼ ਨੂੰ ਬੂਰ ਪਿਆ ਹੈ । ਉਨ੍ਹਾਂ ਦੱਸਿਆ ਕਿ ਬਲੀ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ 23 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ ।
ਅੱਜ ਜਿਲ੍ਹਾ ਐਡੀਸਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਨੇ ਐਡਵੋਕੇਟ ਚਰਨਪਾਲ ਸਿੰਘ ਬਰਾੜ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮ ਸੱਤਾਂ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ । ਫੈਸਲੇ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹੋਂ ਬਾਹਰ ਤਾਂਤਰਿਕ ਲਖਵਿੰਦਰ ਉਰਫ ਲੱਖੀ, ਬਲੀ ਚੜ੍ਹੇ ਬੱਚਿਆਂ ਦੀ ਦਾਦੀ ਨਿਰਮਲ ਕੌਰ, ਬੱਚਿਆ ਦੀ ਭੂਆ ਅਮਨਦੀਪ ਕੌਰ, ਜਿਸ ਦੀ ਔਲਾਦ ਖ਼ਾਤਰ ਬਲੀ ਦੇ ਦਿੱਤੀ ਗਈ ਸੀ ਨੂੰ ਤੁਰੰਤ ਹੱਥਕੜੀਆਂ ਲਾ ਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਗਿਆ। ਐਡਵੋਕੇਟ ਚਰਨਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਭਿਆਨਕ ਕਤਲ ਕਾਂਡ ਲਈ ਉਹ ਸਾਰੇ ਮੁਲਜ਼ਮਾਂ ਲਈ ਅਦਾਲਤ ਕੋਲੋਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਨਗੇ ।
ਭੂਆ ਖਾਤਰ ਦਿੱਤੀ ਸੀ ਬਲੀ
ਦੱਸਣਯੋਗ ਹੈ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ ਅੱਠ ਸਾਲ ਦੇ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਘਰ ਵਿੱਚ ਪਰਿਵਾਰ ਵੱਲੋਂ ਬੇਰਿਹਮੀ ਹੱਤਿਆ ਕਤ ਦਿੱਤੀ ਗਈ ਸੀ। ਮਿ੍ਤਕ ਬੱਚਿਆਂ ਨੂੰ ਉਨ੍ਹਾਂ ਦੀ ਭੂਆ ਦੇ ਔਲਾਦ ਹੋਣ ਦੀ ਖਾਤਰ ਬਲੀ ਚੜ੍ਹਾਇਆ ਗਿਆ ਸੀ। ਇਸ ਮਾਮਲੇ ਵਿੱਚ ਨਾਮਜ਼ਦ ਮ੍ਰਿਤਕ ਬੱਚਿਆਂ ਦੀ ਦਾਦੀ, ਪਿਤਾ, ਮਾਤਾ, ਚਾਚਾ, ਦੋ ਭੂਆ ਤੇ ਇਕ ਤਾਂਤਰਿਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।