ਬਠਿੰਡਾ, 23 ਮਾਰਚ 2023:ਔਲਾਦ ਪ੍ਰਾਪਤੀ ਖਾਤਰ ਬਠਿੰਡਾ ਜਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ ਦਲਿਤ ਮਾਸੂਮ ਭੈਣ ਭਰਾ ਨੂੰ ਬਲੀ ਚੜ੍ਹਾਉਣ ਦੇ ਮਾਮਲੇ ਵਿਚ ਅੱਜ ਐਡੀਸ਼ਨਲ ਸ਼ੈਸਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਨੇ ਸੱਤੇ ਦੋਸ਼ੀਆਂ ਨੂੰ ਉਮਰ ਭਰ ਦੀ ਕੈਦ ਸੁਣਾਈ। ਪੁਰਾਤਨ ਵੇਲ਼ਿਆਂ ਦੀ ਤਰਜ਼ ਤੇ ਪਿੰਡ ਕੋਟ ਕੋਟ ਫੱਤਾ ਵਿਚ ਵਾਪਰੇ
ਇਸ ਭਿਆਨਕ ਹੱਤਿਆ ਕਾਂਡ ਨੂੰ ਲੈ ਕੇ ਜਨਤਕ ਧਿਰਾਂ ਨੇ ਐਕਸ਼ਨ ਕਮੇਟੀ ਬਣਾਈ ਸੀ ਜਿਸਦੇ ਯਤਨਾਂ ਤੋਂ ਬਾਅਦ ਅੱਜ ਹੀ ਫ਼ੈਸਲਾ ਸਾਹਮਣੇ ਆਇਆ ਹੈ। ਐਕਸ਼ਨ ਕਮੇਟੀ ਨੇ ਤਿੰਨ ਮੁੱਖ ਦੋਸ਼ੀਆਂ ਦੀ ਸਜ਼ਾ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਦਿਵਾਉਣ ਲਈ ਹਾਈ ਕੋਰਟ ਦਾ ਰੁਖ਼ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਜਦੋਂ ਇਸ ਬਲੀ ਕਾਂਡ ਦੇ ਮੁੱਖ ਦੋਸ਼ੀ ਤਾਂਤਰਿਕ ਲੱਗ ਨੂੰ ਅਦਾਲਤ ਨੇ ਸਜ਼ਾ ਸੁਣਾਈ ਤਾਂ ਉਸ ਨੇ ਰੋ ਰੋ ਕੇ ਰਹਿਮ ਦੀ ਅਪੀਲ ਕੀਤੀ ਪ੍ਰੰਤੂ ਅਦਾਲਤ ਨੇ ਇਸ ਤਰਫ ਧਿਆਨ ਨਹੀਂ ਦਿੱਤਾ। ਮਹੱਤਵਪੂਰਨ ਤੱਥ ਹੈ ਕਿ ਇਸ ਕੇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹਾਂ ਵੱਡੀ ਗਿਣਤੀ ਮੀਡੀਆਕਰਮੀ ਵੀ ਅਦਾਲਤ ਵਿਚ ਪਹੁੰਚ ਗਏ ਸਨ। ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਕੀਲ ਭਾਈਚਾਰਾ ਵੀ ਮੌਕੇ ਤੇ ਮੋਜੂਦ ਸੀ ਜੋ ਇਹ ਦੇਖ ਦੇਖ ਰਿਹਾ ਸੀ ਕਿ ਕਿਸ ਤਰਾਂ ਦਾ ਫੈਸਲਾ ਸੁਣਾਇਆ ਜਾਂਦਾ ਹੈ। ਖ਼ੁਸ਼ੀਆਂ ਵਿਚ ਇਕ ਹੀ ਪਰਿਵਾਰ ਦੇ ਛੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਵਿਚੋਂ ਤਿੰਨ ਔਰਤਾਂ ਹਨ।
ਐਕਸ਼ਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੀਡੀਆ ਨਾਲ ਗੱਲ ਕਰਦਿਆ ਦੱਸਿਆ ਕਿ ਪੀੜਤ ਧਿਰ ਦੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਰਾੜ ਨੇ ਅਦਾਲਤ ਤੋਂ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਰੱਖੀ ਸੀ। ਜੱਜ ਸਾਹਿਬ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਨੇ ਸਮੂਹ ਦੋਸ਼ੀਆਂ ਨੂੰ ਕਤਲ ਕੇਸ ਧਾਰਾ 302 ਤੇ ਸਾਜਿਸ਼ ’ਚ ਸਮੂਲੀਅਤ 120 ਬੀ ਤਹਿਤ ਉਮਰ ਭਰ ਦੀ ਕੈਦ ਤੇ ਦਸ ਦਸ ਹਜ਼ਾਰ ਰੁਪਏ ਦੀਆਂ ਸਜ਼ਾ ਸੁਣਾਈ।
ਇਸ ਮੌਕੇ ਭਵਿੱਖ ਦੱਸਣ ਵਾਲੇ ਅਤੇ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲੱਖੀ ਨੇ ਹੱਥ ਬੰਨ ਕੇ ਰਹਿਮ ਦੀਆਂ ਅਪੀਲਾਂ ਕਰਦਿਆਂ ਕਿਹਾ ਕਿ ਉਸ ਦਾ ਸਾਰਾ ਜੱਗ ਦੁਸ਼ਮਣ ਬਣ ਗਿਆ ਹੈ। ਦੱਸ ਦੇਈਏ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਹਨਾਂ ਦੇ ਘਰ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ।
ਬੇਰਹਿਮੀ ਨਾਲ ਅੰਜਾਮ ਦਿੱਤੇ ਗਏ ਇਸ ਬਲੀ ਕਾਂਡ ਵਿੱਚ ਸੱਤ ਦੋਸ਼ੀ, ਮ੍ਰਿਤਕ ਬੱਚਿਆਂ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ ਵਿੱਕੀ, ਮਾਤਾ ਰੋਜੀ ਕੌਰ, ਚਾਚਾ ਜਸਪ੍ਰੀਤ ਸਿੰਘ, ਭੂਆ ਜਿਸ ਦੀ ਔਲਾਦ ਖਾਤਰ ਬਲੀ ਦਿੱਤੀ ਗਈ ਸੀ ਅਮਨਦੀਪ ਕੌਰ ਤੇ ਦੂਜੀ ਭੂਆ ਗਗਨ ਤੇ ਇਕ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਸ਼ਾਮਲ ਸਨ।
ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਵਕੀਲ ਚਰਨਪਾਲ ਸਿੰਘ ਬਰਾੜ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਬਲਜਿੰਦਰ ਸਿੰਘ ਕੋਟਭਾਰਾ ਨੇ ਐਲਾਨ ਕੀਤੀ ਕਿ ਉਹ ਮੁਖ ਤਿੰਨ ਮੁਲਾਜ਼ਮਾਂ ਤਾਂਤਰਿਕ ਲਖਵਿੰਦਰ ਲੱਖੀ, ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਹਨਾਂ ਦੇ ਪਿਤਾ ਕੁਲਵਿੰਦਰ ਵਿੱਕੀ ਨੂੰ ਫਾਂਸੀ ਦੀਆਂ ਸਜਾਵਾਂ ਲਈ ਹਾਈਕੋਰਟ ਵਿਚ ਵਿਚ ਕੇਸ ਦਾਇਰ ਕਰਨਗੇ।
ਇਸ ਮੌਕੇ ਨੌਜਵਾਨ ਆਗੂ ਪਰਦੀਪ ਸਿੰਘ ਭਾਗੀਵਾਂਦਰ, ਸੁਖਪਾਲ ਸਿੰਘ ਪਾਲਾ, ਗੁਰਸੇਵਕ ਸਿੰਘ ਕੋਟਭਾਈ, ਬੀ.ਕੇ.ਯੂ. ਕਰਾਂਤੀਕਾਰੀ ਵੱਲੋਂ ਸੁਰਜੀਤ ਸਿੰਘ ਭੁੱਚੋਂ ਖੁਰਦ, ਸੁਰਮੁਖ ਸਿੰਘ ਸੇਲਵਰਾਹ, ਕਿਸਾਨ ਆਗੂ ਰਾਜਮਹਿੰਦਰ ਸਿੰਘ ਕੋਟਭਾਰਾ, ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਵੀ ਹਾਜ਼ਰ ਸਨ।