- ਮੁਰੰਮਤ ਅਤੇ ਨਵੀਨੀਕਰਣ ਦੇ ਕੰਮ ਦੇ ਚਲਦੇ ਉਤਾਰੀਆਂ ਗਈਆਂ ਸਨ ਤਸਵੀਰਾਂ
- ਸਰਦਾਰ ਭਗਤ ਸਿੰਘ, ਮਾਤਾ ਵਿਦਿਆਵਤੀ ਅਤੇ ਚਾਚਾ ਅਜੀਤ ਸਿੰਘ ਦੀਆਂ ਨਵੀਂਆਂ ਤਸਵੀਰਾਂ ਇਮਾਰਤ ’ਤੇ ਲਾਈਆਂ
- ਕੌਮੀ ਹੀਰੋ ਸਰਦਾਰ ਭਗਤ ਸਿੰਘ ਦਾ ਸਤਿਕਾਰ ਤੇ ਸਨਮਾਨ ਸਭ ਤੋਂ ਉੱਪਰ-ਡੀ ਸੀ ਰੰਧਾਵਾ
ਖਟਕੜ ਕਲਾਂ, 29 ਮਾਰਚ, 2023 – ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਮ ਆਦਮੀ ਕਲੀਨਿਕ ਖਟਕੜ ਕਲਾਂ ਵਿਖੇ ਭਗਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਲਗਾਉਣ ਵਿੱਚ ਹੋਈ ਦੇਰੀ ਲਈ ਲੋਕ ਨਿਰਮਾਣ ਵਿਭਾਗ ਦੇ ਇੱਕ ਕਾਰਜਕਾਰੀ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਣ ਬਾਅਦ ਇਹ ਤਸਵੀਰਾਂ ਨਵੀਂਆਂ ਬਣਵਾ ਕੇ ਮੁੜ ਤੋਂ ਕਲੀਨਿਕ ’ਤੇ ਸਸ਼ੋਭਿਤ ਕਰ ਦਿੱਤੀਆਂ ਗਈਆਂ ਹਨ।
ਅੱਜ ਖਟਕੜ ਕਲਾਂ ਦੇ ਆਮ ਆਦਮੀ ਕਲੀਨਿਕ ਵਿਖੇ ਸਰਦਾਰ ਭਗਤ ਸਿੰਘ, ਮਾਤਾ ਵਿਦਿਆਵਤੀ ਅਤੇ ਚਾਚਾ ਅਜੀਤ ਸਿੰਘ ਦੀਆਂ ਲੱਗੀਆਂ ਤਸਵੀਰ ਦੇਖਣ ਲਈ ਕੀਤੇ ਦੌਰੇ ਦੌਰਾਨ ਡੀ.ਸੀ. ਰੰਧਾਵਾ ਨੇ ਕਿਹਾ ਕਿ ਮੁਰੰਮਤ ਅਤੇ ਨਵੀਨੀਕਰਣ, ਜਿਸ ਵਿੱਚ ਇਮਾਰਤ ਦੀ ਸਫ਼ੈਦੀ ਵੀ ਸ਼ਾਮਿਲ ਸੀ, ਦੇ ਮੱਦੇਨਜ਼ਰ ਇੱਥੇ ਪਹਿਲਾਂ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਕਿਉਂਜੋ ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਇਹ ਇਮਾਰਤ 5 ਅਪ੍ਰੈਲ, 2023 ਤੱਕ ਸਿਹਤ ਵਿਭਾਗ ਨੂੰ ਸੌਂਪੀ ਜਾਣੀ ਹੈ, ਇਸ ਲਈ ਤਸਵੀਰਾਂ ਦੀ ਮੁੜ ਸਥਾਪਨਾ ਵਿੱਚ ਦੇਰੀ ਹੋਈ ਪਰੰਤੂ ਇਨ੍ਹਾਂ ਤਸਵੀਰਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ, ਅਧਿਕਾਰੀਆਂ ਵੱਲੋਂ ਕੀਤੀ ਗਈ ਦੇਰੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਡੀ ਸੀ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ 20ਵੀਂ ਸਦੀ ਦੇ ਸੁਤੰਤਰਤਾ ਯੁੱਗ ਦਾ ਮਹਾਨ ਦੇਸ਼ ਭਗਤ ਦੱਸਦੇ ਹੋਏ, ਇਨ੍ਹਾਂ ਤਸਵੀਰਾਂ ਦੀ ਮੁੜ ਸਥਾਪਤੀ ’ਚ ਦੇਰੀ ਨਾਲ ਮਹਾਨ ਸ਼ਹੀਦਾਂ ਦੇ ਨਿਰਾਦਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇਸ਼ ਨੂੰ ਅੰਗਰੇਜ਼ ਹਕੂਮਤ ਦੇ ਜੂਲੇ ਚੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਰਾਸ਼ਟਰ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਦੇ ਨਾਇਕ ਨੂੰ ਭੁੱਲਣਾ ਅਸੰਭਵ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ, ‘ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਮਾਰਤ ਤੋਂ ਹਟਾਈਆਂ ਗਈਆਂ ਤਸਵੀਰਾਂ ਦਾ ਰੰਗ ਪੁਰਾਣੀਆਂ ਹੋਣ ਕਾਰਨ ਫਿੱਕਾ ਪੈ ਗਿਆ ਸੀ ਅਤੇ ਕੰਮ ਕਰਵਾਉਣ ਵਾਲੀ ਏਜੰਸੀ ਨੂੰ ਨਵੀਆਂ ਤਸਵੀਰਾਂ ਦੁਬਾਰਾ ਬਣਵਾ ਕੇ ਲਗਾਉਣ ਲਈ ਕਿਹਾ ਗਿਆ ਸੀ।’ ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸਵੀਰਾਂ ’ਚ ਸਰਦਾਰ ਭਗਤ ਸਿੰਘ ਤੋਂ ਇਲਾਵਾ ਪੰਜਾਬ ਮਾਤਾ, ਮਾਤਾ ਵਿਦਿਆਵਤੀ ਅਤੇ ਚਾਚਾ ਸ: ਅਜੀਤ ਸਿੰਘ ਦੀਆਂ ਤਸਵੀਰਾਂ ਸ਼ਾਮਿਲ ਹਨ।
ਇਸੇ ਦੌਰਾਨ ਇੱਥੇ ਵਾਪਰੀ ਇੱਕ ਹੋਰ ਘਟਨਾ ਨੂੰ ਅਤਿ ਮੰਦਭਾਗਾ ਦੱਸਦਿਆਂ, ਜਿਸ ਵਿੱਚ ਪਿਛਲੇ ਦਿਨੀਂ ਕੁਝ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਕਲੀਨਿਕ, ਖਟਕੜ ਕਲਾਂ ਦੇ ਸਾਈਨ ਬੋਰਡ ਨੂੰ ਰੰਗ ਨਾਲ ਖਰਾਬ ਕੀਤਾ ਸੀ, ਉਨ੍ਹਾਂ ਕਿਹਾ ਕਿ ਕਾਨੂੰਨ ਆਪਣੇ ਮੁਤਾਬਕ ਗਲਤੀ ਕਰਨ ਵਾਲਿਆਂ ਨਾਲ ਨਜਿੱਠੇਗਾ।
ਇਸੇ ਦੌਰਾਨ ਥਾਣਾ ਬੰਗਾ ਸਦਰ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਦੇ ਨਾਮ ’ਤੇ ਅਤੇ 5/7 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬੰਗਾ ਸਬ ਡਵੀਜ਼ਨ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਪਿੰਡ ਧਰਮਕੋਟ ਥਾਣਾ ਸਦਰ ਨਵਾਂਸ਼ਹਿਰ, ਰਾਜੂ ਖਾਨ ਵਾਸੀ ਬਰਨਾਲਾ ਥਾਣਾ ਸਿਟੀ ਨਵਾਂਸ਼ਹਿਰ ਅਤੇ ਕਮਲਦੀਪ ਵਾਸੀ ਪਿੰਡ ਮੱਲੂਪੋਤਾ ਥਾਣਾ ਸਦਰ ਬੰਗਾ ਨੂੰ ਆਈ ਪੀ ਸੀ ਦੀ ਧਾਰਾ 188 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਡੀਫੇਸਮੈਂਟ ਆਰਡੀਨੈਂਸ ਐਕਟ 1997 ਦੀ ਧਾਰਾ 3 ਤਹਿਤ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਅਣਪਛਾਤੇ ਵਿਅਕਤੀਆਂ ਦੀ ਗਿ੍ਰਫ਼ਤਾਰੀ ਲਈ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।