ਨਵੀਂ ਦਿੱਲੀ: 29 ਮਾਰਚ 2023 – ਨਕਲੀ ਦਵਾਈਆਂ ਬਣਾਉਣ ਅਤੇ ਵਿਦੇਸ਼ਾਂ ਵਿੱਚ ਸਪਲਾਈ ਕਰਨ ਦੇ ਦੋਸ਼ ਵਿੱਚ ਫਾਰਮਾ ਕੰਪਨੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਦੇਸ਼ ਦੀਆਂ 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਕੰਪਨੀਆਂ ਨੂੰ ਨਿਰਮਾਣ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ 26 ਫਾਰਮਾ ਕੰਪਨੀਆਂ ਨੂੰ ਨੋਟਿਸ ਵੀ ਦਿੱਤੇ ਹਨ। ਇਹ ਆਦੇਸ਼ ਭਾਰਤ ਤੋਂ ਵਿਦੇਸ਼ਾਂ ‘ਚ ਨਕਲੀ ਦਵਾਈਆਂ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ ਫਾਰਮਾ ਕੰਪਨੀਆਂ ‘ਤੇ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਆਇਆ ਹੈ। ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ 76 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਨਿਰੀਖਣ ਕੀਤਾ ਸੀ। 15 ਦਿਨਾਂ ਤੱਕ ਚੱਲੀ ਇਸ ਮੁਹਿੰਮ ਵਿੱਚ ਕੇਂਦਰ ਅਤੇ ਰਾਜ ਦੀਆਂ ਟੀਮਾਂ ਨੇ 20 ਰਾਜਾਂ ਵਿੱਚ ਅਚਨਚੇਤ ਨਿਰੀਖਣ ਕੀਤਾ।