- ਭਗਵੰਤ ਮਾਨ ਸਰਕਾਰ ਨੇ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪੁੱਜਦੀਆਂ ਕੀਤੀਆਂ : ਹਰਜੋਤ ਸਿੰਘ ਬੈਂਸ
- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਨਾਲ ਹੋਇਆ ਸੁਧਾਰ, ਦਾਖਲੇ ਵਿਚ ਹੋਇਆ ਵਾਧਾ
- ਸਰਹੱਦੀ ਇਲਾਕੇ ਦੇ ਸਕੂਲਾਂ ਸਮੇਤ ਜ਼੍ਹਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ
ਫਿਰੋਜ਼ਪੁਰ/ਚੰਡੀਗੜ੍ਹ, 6 ਅਪ੍ਰੈਲ 2023 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੁਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪੁੱਜਦੀਆਂ ਕਰ ਦਿੱਤੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਿੱਖਿਆ ਸਹੂਲਤਾਂ ਦਾ ਹਾਲ ਜਾਣਨ ਲਈ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਸਮੇਤ ਹੋਰ ਕਈ ਸਰਕਾਰੀ ਦੌਰਾ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕਦੇ ਵੀ ਸਮੇਂ ਸਿਰ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਸਨ ਮਿਲੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਰਕਾਰੀ ਸਕੂਲਾਂ ਬਹੁਤ ਜਿਅਦਾ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਸ ਸੁਧਾਰ ਨੂੰ ਦੇਖਦਿਆਂ ਹੀ ਅੱਜ ਸਰਕਾਰੀ ਸਕੂਲਾਂ ਦੇ ਦਾਖਲੇ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿਇਸ ਸਾਲ ਚਲਾਈ ਗਈ। ਦਾਖ਼ਲਾ ਮੁਹਿੰਮ ਦੌਰਾਨ ਕਈ ਸਰਕਾਰੀ ਅਧਿਕਾਰੀਆਂ/ਅਧਿਆਪਕਾਂ ਨੇ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਇਆ ਹੈ ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਕਿਉਂਕਿ ਹੁਣ ਸਰਕਾਰੀ ਸਕੂਲਾਂ ਵਿਚ ਕਾਫੀ ਬਦਲਾਅ ਹੋ ਚੁੱਕਿਆ ਹੈ ਅਤੇ ਪੜਾਈ ਅਤੇ ਬੁਨਿਆਦੀ ਢਾਂਚੇ ਵਿਚ ਪੂਰਾ ਸੁਧਾਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਰਕਾਰੀ ਸਕੂਲ ਤਿਆਰ ਕੀਤੇ ਜਾਣਗੇ ਜਿੱਥੇ ਪੂਰਾ ਸਟਾਫ ਹੋਵੇਗਾ, ਵੱਖ ਵੱਖ ਗਤੀਵਿਧੀਆਂ/ਖੇਡਾਂ ਦੇ ਕੌਚ ਹੋਣਗੇ, ਪ੍ਰਿੰਸੀਪਲ ਵਿਦੇਸ਼ਾਂ ਤੋਂ ਟਰੇਨਿੰਗ ਲੈ ਕੇ ਆਉਣਗੇ, ਬਿਜਨਸ ਕਲਾਸਾਂ ਲਗਾਈਆਂ ਜਾਣਗੀਆਂ ਜਿਸ ਦਾ ਮਤਲਬ ਹੈ ਕਿ ਉਹ ਪ੍ਰਾਈਵੇਟ ਸਕੁਲਾਂ ਨੂੰ ਮਾਤ ਦੇਣ ਵਾਲੇ ਸਰਕਾਰੀ ਸਕੂਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਉੱਚ ਮਿਆਰਾਂ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸਦੀ ਪੂਰਤੀ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਦੌਰਾਨ ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਪਹਿਲਾਂ ਸਤਲੁਜ ਦਰਿਆ ਤੇ ਸਥਿਤ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਬੇੜੀ ਵਿਚ ਸਵਾਰ ਹੋ ਕੇ ਸਕੂਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦੇਰ ਪਹਿਲਾ ਪਤਾ ਲੱਗਾ ਸੀ ਕਿ ਪਿੰਡ ਕਾਲੂ ਵਾਲਾ ਦੀਆਂ ਦੋ ਵਿਦਿਆਰਥਣਾਂ ਰੋਜ਼ਾਨਾ ਬੇੜੀ ਵਿਚ ਸਵਾਰ ਹੋ ਕੇ ਸਕੂਲ ਜਾਂਦੀਆਂ ਹਨ ਅਤੇ ਇਸ ਪਿੰਡ ਦੇ ਲੋਕ ਵੀ ਸ਼ਹਿਰ ਜਾਂ ਹੋਰ ਪਿੰਡ ਜਾਣ ਲਈ ਇਸ ਬੇੜੀ ਦਾ ਸਹਾਰਾ ਲੈਂਦੇ ਹਨ। ਜਿਸ ਕਰ ਕੇ ਅੱਜ ਉਹ ਖੁਦ ਇੱਥੇ ਇਸ ਚੀਜ ਨੂੰ ਸਮਝਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਰੋਜ਼ਾਨਾ ਕਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ।
ਉਨ੍ਹਾਂ ਕਿਹਾ ਇਸ ਦਰਿਆ ‘ਤੇ ਪੁੱਲ ਬਣਾਉਣ ਮੰਗ ਬਿਲਕੁਲ ਜਾਇਜ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਕਾਰੀਆਂ ਤੋਂ ਇਸ ਪੁੱਲ ਸਬੰਧੀ ਐਸਟੀਮੇਟ ਤਿਆਰ ਕਰਵਾ ਕੇ ਨਾਲ ਲੈ ਕੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅੱਗੇ ਇਹ ਗੱਲ ਰੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡ ਟੇਂਡੀ ਵਾਲਾ, ਗੱਟੀ ਰਹੀਮੇ ਕੇ, ਗੱਟੀ ਰਾਜੋ ਕੇ ਅਤੇ ਝੁੱਗੇ ਹਜ਼ਾਰਾ ਸਿੰਘ ਵਾਲਾ ਦੇ ਸਰਕਾਰੀ ਸਕੂਲਾਂ ਸਮੇਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਫਿਰੋਜ਼ਪੁਰ ਸ਼ਹਿਰ, ਸਰਕਾਰੀ ਸਕੂਲ ਸਤੀਏ ਵਾਲਾ, ਸਰਕਾਰੀ ਪ੍ਰਾਈਮਰੀ ਸਕੂਲ ਮੁੱਦਕੀ, ਸਰਕਾਰੀ ਸਕੂਲ ਲੜਕੀਆਂ ਮੁੱਦਕੀ ਆਦਿ ਦਾ ਦੌਰਾ ਵੀ ਕੀਤਾ। ਦੌਰੇ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਸਕੂਲ ਪ੍ਰਤੀ ਫੀਡਬੈਕ ਲਏ ਅਤੇ ਸਕੂਲ ਦੇ ਸਟਾਫ ਨਾਲ ਵੀ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਗੱਟੀ ਰਹੀਮੇ ਕੇ ਦੇ ਸਰਕਾਰੀ ਸਕੂਲ ਵਿਚ ਇੰਟਰਲੋਕ ਟਾਈਲਾਂ ਲਗਵਾਉਣ ਲਈ ਆਏ ਫੰਡ ਦੀ ਜਲਦੀ ਵਰਤੋਂ ਕਰ ਕੇ ਟਾਈਲਾਂ ਲਗਵਾਉਣ ਲਈ ਬੀਡੀਪੀਓ ਨੂੰ ਨਿਰਦੇਸ ਦਿੱਤੇ। ਉਨ੍ਹਾਂ ਸਰਕਾਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਧੀਆ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਵਿੱਚ ਕਰਵਾਏ ਗਏ ਕੰਮਾਂ ਲਈ ਸਟਾਫ ਅਤੇ ਸਮਾਜਸੇਵੀਆਂ ਵੱਲੋਂ ਸਕੂਲ ਵਿਚ ਪਾਏ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਵੱਲੋਂ ਪਿੰਡ ਟੇਂਡੀਵਾਲਾ ਦੇ ਸਰਕਾਰੀ ਸਕੂਲ ਨੂੰ ਨਵੇਂ ਕਮਰੇ ਲਈ 2 ਲੱਖ ਅਤੇ ਸਰਕਾਰੀ ਸਕੂਲ ਲੜਕੀਆਂ ਮੁੱਦਕੀ ਨੂੰ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਜਿੱਥੇ ਵੀ ਸਰਕਾਰੀ ਸਕੂਲਾਂ ਵਿੱਚ ਨਵੇਂ ਕਮਰੇ ਬਣਾਉਣ, ਇੰਟਰਲੋਕ ਟਾਈਲਾਂ ਲਗਾਉਣ, ਚਾਰਦੀਵਾਰੀਆਂ ਕਰਵਾਉਣ ਦੀ ਲੋੜ ਹੈ ਉਸ ਲਈ ਫੰਡ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ। ਦੌਰੇ ਦੌਰਾਨ ਉਨ੍ਹਾਂ ਸਕੂਲੀ ਵਿਦਿਆਰਥੀਆਂ ਨਾਲ ਮਿੱਡ ਡੇ ਦਾ ਵੀ ਸਵਾਦ ਚੱਖਿਆ।
ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਰਣਬੀਰ ਸਿੰਘ ਭੁੱਲਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲਾਂ ਦੇ ਕੀਤੇ ਗਏ ਦੌਰੇ ਲਈ ਧੰਨਵਾਦ ਕੀਤਾ।