ਜੈਤੋ, 6 ਅਪ੍ਰੈਲ 2023 – ਸੈਲਫੀ ਲੈਣ ਮੌਕੇ ਹਾਦਸਾ ਹੋਣ ਦਾ ਤਾਜ਼ਾ ਮਾਮਲਾ ਜੈਤੋ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਸੈਲਫੀ ਲੈਣ ਲਈ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਦੇ ਉੱਪਰ ਚੜ੍ਹ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਦਰਅਸਲ ਜੈਤੋ ਦੇ ਰੇਲਵੇ ਸਟੇਸ਼ਨ ‘ਤੇ ਪਿਛਲੇ ਦੋ ਦਿਨਾਂ ਤੋਂ ਮਾਲ ਗੱਡੀ ਖੜ੍ਹੀ ਸੀ। ਕੁਝ ਪ੍ਰਵਾਸੀ ਮਜ਼ਦੂਰ ਇਸ ਮਾਲ ਗੱਡੀ ਦੇ ਡੱਬੇ ‘ਤੇ ਚੜ੍ਹ ਕੇ ਸੈਲਫੀ ਲੈਣ ਲੱਗੇ। ਉਸ ਸਮੇਂ ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਸੌਰਵ ਕੁਮਾਰ ਟਰੇਨ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਕਰੰਟ ਲੱਗ ਗਿਆ ਅਤੇ ਇਸ ਕਾਰਨ ਉਹ ਡੱਬੇ ਤੋਂ ਹੇਠਾਂ ਡਿੱਗ ਗਿਆ।
ਬਿਜਲੀ ਦਾ ਕਰੰਟ ਲੱਗਣ ਕਾਰਨ ਸੌਰਵ ਕੁਮਾਰ ਡੱਬੇ ਦੇ ਉਪਰੋਂ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਆਸ-ਪਾਸ ਮੌਜੂਦ ਲੋਕਾਂ ਨੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੁਸਾਇਟੀ ਦੇ ਮੈਂਬਰ ਅਤੇ ਏਐਸਆਈ ਹਰਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਪੀੜਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਪਰ ਬਾਅਦ ਵਿਚ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ। ਫਿਲਹਾਲ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਸੌਰਵ ਕੁਮਾਰ ਜ਼ਿਲ੍ਹਾ ਹਰਦੋਈ ਦਾ ਰਹਿਣ ਵਾਲਾ ਹੈ ਅਤੇ ਇੱਥੇ ਆਪਣੀ ਭੈਣ ਨਾਲ ਰਹਿੰਦਾ ਸੀ। ਪਰ ਅੱਜ ਉਸਦੀ ਇੱਕ ਗਲਤੀ ਕਾਰਨ ਉਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।