ਯੂਪੀ, 8 ਅਪ੍ਰੈਲ 2023 – ਉੱਤਰ ਪ੍ਰਦੇਸ਼ ‘ਚ ਸ਼੍ਰੀਦੱਤਗੰਜ ਥਾਣਾ ਖੇਤਰ ਦੇ ਅਧੀਨ ਬਲਰਾਮਪੁਰ ਉਤਰੌਲਾ ਰੋਡ ‘ਤੇ ਸਥਿਤ ਗਾਲਿਬਪੁਰ ਪਿੰਡ ਦੇ ਕੋਲ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਗੱਡੀ ਇਕ ਟਰੱਕ ਨਾਲ ਟਕਰਾ ਗਈ। ਹਾਦਸਾ ਸ਼ਨੀਵਾਰ ਤੜਕੇ 2.30 ਵਜੇ ਦਾ ਦੱਸਿਆ ਜਾ ਰਿਹਾ ਹੈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਦੇ ਨਾਲ ਹੀ ਕਾਰ ‘ਚ ਸਵਾਰ ਪਤੀ-ਪਤਨੀ ਅਤੇ ਚਾਰ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਾਰ ‘ਚ ਸਵਾਰ ਵਿਅਕਤੀ ਨੈਨੀਤਾਲ ਤੋਂ ਦੇਵਰੀਆ ਸਥਿਤ ਆਪਣੇ ਘਰ ਜਾ ਰਹੇ ਸਨ।
ਪੁਲਸ ਸੁਪਰਡੈਂਟ ਕੇਸ਼ਵ ਕੁਮਾਰ ਨੇ ਦੱਸਿਆ ਕਿ ਕਾਰ ‘ਚੋਂ ਮਿਲੇ ਆਧਾਰ ਕਾਰਡ ‘ਤੇ ਸੋਨੂੰ ਸਾਹੂ ਪਿੰਡ ਵੈਂਕੁਲ ਥਾਣਾ ਸ਼੍ਰੀਰਾਮਪੁਰ ਜ਼ਿਲਾ ਦਿਓਰੀਆ ਲਿਖਿਆ ਹੋਇਆ ਹੈ। ਇਸ ਦੇ ਆਧਾਰ ‘ਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕਾਂ ਦੇ ਨਾਂ ਅਤੇ ਹੋਰ ਵੇਰਵੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਮਿਲ ਸਕਣਗੇ।