ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ

  • ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 18 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ ਜਥਾ

ਅੰਮ੍ਰਿਤਸਰ, 9 ਅਪ੍ਰੈਲ 2023 – ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1052 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ। ਰਵਾਨਗੀ ਮੌਕੇ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਬਲਵਿੰਦਰ ਸਿੰਘ ਵੇਈਂਪੂਈਂ, ਜਸਵੰਤ ਸਿੰਘ ਪੁੜੈਣ, ਬੀਬੀ ਜੋਗਿੰਦਰ ਕੌਰ, ਸਾਬਕਾ ਸਕੱਤਰ ਕੁਲਵੰਤ ਸਿੰਘ, ਜਨਰਲ ਪ੍ਰਬੰਧਕ ਵਜੋਂ ਵਧੀਕ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਜਥੇ ਦੇ ਆਗੂ ਸ. ਅਮਰਜੀਤ ਸਿੰਘ ਭਲਾਈਪੁਰ ਨੇ ਕਿਹਾ ਕਿ ਪਾਕਿਸਤਾਨ ਅੰਦਰ ਸਿੱਖ ਕੌਮ ਦੇ ਅਨੇਕਾਂ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਦੇ ਮਨਾ ਅੰਦਰ ਤਾਂਘ ਹੁੰਦੀ ਹੈ, ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖੁੱਲਦਿਲੀ ਨਾਲ ਵੀਜੇ ਦੇਣੇ ਚਾਹੀਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਜਥੇ ਦੀ ਅਗਵਾਈ ਸੌਂਪਣ ਲਈ ਧੰਨਵਾਦ ਕੀਤਾ।

ਜਥਾ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਰਵਾਨਾ ਹੋਇਆ ਹੈ। 9 ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇਗਾ, ਜਿਥੋਂ 10 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ ਦੇ ਦਰਸ਼ਨ ਕਰਨ ਉਪਰੰਤ ਵਾਪਸ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਰੁਕੇਗਾ। 12 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਪੁੱਜੇਗਾ, ਜਿਥੇ 14 ਅਪ੍ਰੈਲ ਨੂੰ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਮੂਲੀਅਤ ਕਰੇਗਾ।

15 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁੱਜੇਗਾ, ਜਿਥੋਂ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਜਾਣਗੇ। 17 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਰੁਕਣ ਉਪਰੰਤ 18 ਅਪ੍ਰੈਲ ਨੂੰ ਇਹ ਜਥਾ ਵਾਪਸ ਭਾਰਤ ਪਰਤੇਗਾ। ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਜਥੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ, ਕੰਘੇ, ਕੜ੍ਹੇ, ਕਿਰਪਾਨਾਂ, ਲੋਈਆਂ, ਚਾਹ ਪੱਤੀ ਆਦਿ ਸਮਾਨ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸਾਖੀ ਦੇ ਮੁੱਖ ਸਮਾਗਮ ਸਮੇਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ।

ਜਥੇ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਸਿਮਰਜੀਤ ਸਿੰਘ, ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਗੁਰਚਰਨ ਸਿੰਘ ਕੁਹਾਲਾ, ਮੀਡੀਆ ਇੰਚਾਰਜ ਤੇ ਬੁਲਾਰਾ ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਬਲਵਿੰਦਰ ਸਿੰਘ ਖੈਰਾਬਾਦ, ਪਲਵਿੰਦਰ ਸਿੰਘ ਇੰਚਾਰਜ ਯਾਤਰਾ, ਗੁਰਮੀਤ ਸਿੰਘ ਮੁਕਤਸਰੀ, ਸਤਵਿੰਦਰ ਸਿੰਘ ਫੂਲਪੁਰ, ਪਰਜਿੰਦਰ ਸਿੰਘ, ਹਰਪਾਲ ਸਿੰਘ, ਬਹਾਲ ਸਿੰਘ ਸਮੇਤ ਵੱੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦਾ ਸਟਾਫ਼ ਅਤੇ ਜਥੇ ਵਿਚ ਜਾਣ ਵਾਲੇ ਯਾਤਰੂ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤਨੀ ਤੇ ਬੇਟੇ ਨੂੰ ਕ+ਤ+ਲ ਕਰਨ ਦੀ ਕੋਸ਼ਿਸ਼ ਕਰਨ ਵਾਲਾ ਫੜਿਆ: ਮੁਲਜ਼ਮ ਨੇ ਮਾਂ-ਪੁੱਤ ‘ਤੇ ਲਾਏ ਗੰਭੀਰ ਇਲਜ਼ਾਮ

ਆਵਾਰਾ ਗਊਆਂ ਨੂੰ ਬਚਾਉਂਦੇ ਸਮੇਂ ਦੋ ਮੋਟਰਸਾਈਕਲ ਸਵਾਰ ਆਪਸ ‘ਚ ਟਕਰਾਏ, ਦੋਵਾਂ ਦੀ ਮੌ+ਤ