ਬਠਿੰਡਾ, 12 ਅਪ੍ਰੈਲ 2023 – ਜੇਲ੍ਹ ਵਿਭਾਗ ਪੰਜਾਬ ਦੇ ਨਵੇਂ ਏਡੀਜੀਪੀ ਅਰੁਣਪਾਲ ਸਿੰਘ ਨੇ ਚਾਰ ਦਿਨ ਪਹਿਲਾਂ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ 12 ਦੇ ਕਰੀਬ ਕੈਦੀਆਂ ਵੱਲੋਂ ਜੇਲ੍ਹ ਅੰਦਰ ਦੀ ਇੱਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਕੀਤੇ ਜਾਣ ਮਗਰੋਂ ਮਾਮਲੇ ਦੀ ਜਾਂਚ ਲਈ ਮੰਗਲਵਾਰ ਨੂੰ ਬਠਿੰਡਾ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ। ਇਸ ਦੌਰਾਨ ਏ.ਡੀ.ਜੀ.ਪੀ ਨੇ ਜੇਲ੍ਹ ਅਧਿਕਾਰੀਆਂ ਨਾਲ ਪਿਛਲੇ ਸਮੇਂ ਦੌਰਾਨ ਜੇਲ੍ਹ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਬਾਰੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ।
ਤਿੰਨ ਤੋਂ ਚਾਰ ਘੰਟੇ ਜੇਲ੍ਹ ਦਾ ਮੁਆਇਨਾ ਕਰਨ ਤੋਂ ਬਾਅਦ ਏਡੀਜੀਪੀ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸੇ ਵਾਇਰਲ ਵੀਡੀਓ ਵਿੱਚ ਕੈਦੀਆਂ ਵੱਲੋਂ ਜੇਲ੍ਹ ਅਧਿਕਾਰੀਆਂ ‘ਤੇ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ। ਭਾਵੇਂ ਜੇਲ੍ਹ ਅਧਿਕਾਰੀ ਏਡੀਜੀਪੀ ਦੀ ਫੇਰੀ ਨੂੰ ਰੁਟੀਨ ਦਾ ਨਿਰੀਖਣ ਦੱਸ ਰਹੇ ਹਨ, ਪਰ ਜੇਲ ਸੂਤਰਾਂ ਦੀ ਮੰਨੀਏ ਤਾਂ ਉਹ ਵਾਇਰਲ ਹੋਈ ਵੀਡੀਓ ਦੀ ਸੱਚਾਈ ਜਾਣਨ ਲਈ ਬਠਿੰਡਾ ਪੁੱਜੇ ਸਨ।
ਜ਼ਿਕਰਯੋਗ ਹੈ ਕਿ 4 ਅਪ੍ਰੈਲ 2023 ਨੂੰ ਜੇਲ ਪ੍ਰਸ਼ਾਸਨ ਨੂੰ ਪਤਾ ਲੱਗਾ ਸੀ ਕਿ ਕੁਝ ਦਿਨ ਪਹਿਲਾਂ ਹਰਬੰਤ ਸਿੰਘ ਵਾਸੀ ਸੰਗਰੂਰ, ਨਵਤੇਜ ਸਿੰਘ ਵਾਸੀ ਮੋਗਾ, ਮਨਜੀਤ ਸਿੰਘ ਵਾਸੀ ਪਟਿਆਲਾ, ਰਣਜੋਧ ਸਿੰਘ ਵਾਸੀ ਬਰਨਾਲਾ, ਅਰਸ਼ਦੀਪ ਸਿੰਘ ਵਾਸੀ ਭੀਖੀ ਜ਼ਿਲ੍ਹਾ ਮਾਨਸਾ, ਜਸਪ੍ਰੀਤ ਸਿੰਘ ਵਾਸੀ ਸੰਗਰੂਰ, ਕੈਦੀ ਮਨੀ ਪਾਰਸ ਵਾਸੀ ਸੰਗਰੂਰ, ਹਵਾਲਾਤੀ ਗੁਰਜੀਤ ਸਿੰਘ ਵਾਸੀ ਸੰਗਰੂਰ, ਗੁਰਵਿੰਦਰ ਸਿੰਘ ਵਾਸੀ ਸੰਗਰੂਰ, ਭੁਪਿੰਦਰ ਕੁਮਾਰ ਵਾਸੀ ਸੰਗਰੂਰ, ਕੈਦੀ ਹਰਦੀਪ ਸਿੰਘ ਵਾਸੀ ਸੰਗਰੂਰ, ਹਵਾਲਾਤੀ ਹਰਪਾਲ ਸਿੰਘ ਵਾਸੀ ਸੰਗਰੂਰ ਨੇ ਬੈਰਕ ਨੰਬਰ 2 ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਈਲ ਫ਼ੋਨ ਰਾਹੀਂ ਵੀਡੀਓ ਰਿਕਾਰਡ ਕੀਤੀ ਸੀ।

ਇਸ ਵਿੱਚ ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੈਦੀਆਂ ਅਤੇ ਹਵਾਲਾਤੀਆਂ ਤੋਂ ਪੈਸੇ ਲੈਂਦੇ ਹਨ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਵੀ ਕਰਦੇ ਹਨ। ਜੇਲ੍ਹ ਸਟਾਫ਼ ਨੂੰ ਪੈਸੇ ਦੇ ਕੇ ਜੇਲ੍ਹ ਵਿੱਚ ਮੋਬਾਈਲ ਫ਼ੋਨ ਵੀ ਆਸਾਨੀ ਨਾਲ ਵਰਤ ਲੈਂਦੇ ਹਨ ਅਤੇ ਬਿਨਾਂ ਪੈਸੇ ਤੋਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਬੰਦੀਆਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਉਸ ਨੇ ਇਹ ਵੀਡੀਓ ਆਪਣੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਲੁਧਿਆਣਾ (ਹੁਣ ਕੈਨੇਡਾ) ਨੂੰ ਭੇਜੀ। ਉਸ ਨੇ ਇਕ ਨਿਊਜ਼ ਚੈਨਲ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਪੈਸੇ ਲੈ ਕੇ ਇਹ ਵੀਡੀਓ ਉਨ੍ਹਾਂ ਨੂੰ ਭੇਜ ਦਿੱਤੀ।
ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਕੈਦੀਆਂ ਮਨੀ ਪਾਰਸ ਵਾਸੀ ਸੰਗਰੂਰ, ਗੁਰਜੀਤ ਸਿੰਘ ਵਾਸੀ ਸੰਗਰੂਰ, ਗੁਰਵਿੰਦਰ ਸਿੰਘ ਵਾਸੀ ਸੰਗਰੂਰ, ਭੁਪਿੰਦਰ ਕੁਮਾਰ ਵਾਸੀ ਸੰਗਰੂਰ, ਹਰਦੀਪ ਸਿੰਘ ਵਾਸੀ ਸੰਗਰੂਰ, ਹਰਪਾਲ ਸਿੰਘ ਵਾਸੀ ਸੰਗਰੂਰ ਨੂੰ ਜੇਲ੍ਹਾਂ ਵਿੱਚ ਭੇਜ ਦਿੱਤਾ ਹੈ, ਜਦੋਂ ਕਿ ਹੋਰ ਕੈਦੀ ਹਾਲੇ ਵੀ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਹਨ।
ਇਸ ਸਬੰਧੀ ਸ਼ਿਵ ਕੁਮਾਰ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਦੀ ਸ਼ਿਕਾਇਤ ’ਤੇ ਥਾਣਾ ਕੈਂਟ ਬਠਿੰਡਾ ਵਿੱਚ ਹਵਾਲਾਤੀ ਅਤੇ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਕਹੀ ਸੀ। ਇਸ ਸਬੰਧ ਵਿੱਚ ਏਡੀਜੀਪੀ ਅਰੁਣ ਪਾਲ ਸਿੰਘ ਨੇ ਪਿਛਲੇ ਮਹੀਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਦੋ ਮੁਲਾਕਾਤਾਂ ਬਾਰੇ ਵੀ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ।
