ਦੀਨਾਨਗਰ, 12 ਅਪ੍ਰੈਲ 2023 – ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਾਰ ਚੋਰਾਂ ਨੇ ਕਿਸੇ ਦੁਕਾਨ ਜਾਂ ਘਰ ਨੂੰ ਨਹੀਂ ਬਲਕਿ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਧਾਰਮਿਕ ਸਥਾਨਾਂ ਦੀ ਗੋਲਕ ਵਿੱਚੋਂ ਨਕਦੀ ਲੈ ਕੇ ਫ਼ਰਾਰ ਹੋ ਗਏ।
ਦਰਗਾਹ ਦੇ ਸੇਵਾਦਾਰ ਅਸ਼ਵਨੀ ਕੁਮਾਰ, ਹਰਦੀਪ ਸਿੰਘ, ਲਖਵਿੰਦਰ ਸਿੰਘ, ਹਰਦੀਪ ਬਹਿਰਾਮਪੁਰ, ਵਿਨੋਦ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ ਦੇ ਪਿੱਛੇ ਭਾਰਤੀ ਮੰਦਰ ਨੇੜੇ ਬਾਬਾ ਲੱਖਦਾਤਾ ਦੀ ਦਰਗਾਹ ਹੈ। ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਜਦੋਂ ਉਹ ਦਰਗਾਹ ‘ਤੇ ਗਿਆ ਤਾਂ ਦੇਖਿਆ ਕਿ ਦਰਗਾਹ ‘ਚ ਰੱਖੀ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਗੋਲਕ ‘ਚ ਪਈ ਕਰੀਬ 10 ਹਜ਼ਾਰ ਰੁਪਏ ਦੀ ਰਾਸ਼ੀ ਗਾਇਬ ਸੀ।
ਦਰਗਾਹ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਇਕ ਚੋਰ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਦਰਗਾਹ ਦੇ ਬਾਹਰ ਲੱਕੜ ਦੇ ਦਰਵਾਜ਼ੇ ਦੀ ਮਦਦ ਨਾਲ ਛੱਤ ‘ਤੇ ਚੜ੍ਹਿਆ ਅਤੇ ਦਰਗਾਹ ਦੇ ਟੀਨ ਦੀ ਛੱਤ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਚੇਤੇ ਰਹੇ ਕਿ ਆਏ ਦਿਨ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਨੂੰ ਲੈ ਕੇ ਲੋਕਾਂ ਵਿੱਚ ਪੁਲਿਸ ਪ੍ਰਤੀ ਗੁੱਸਾ ਹੈ।

ਉਥੇ ਹੀ ਦੂੱਜੇ ਪਾਸੇ ਕਾਹਨੂੰਵਾਨ ਦੇ ਪਿੰਡ ਖੋਜਕੀਪੁਰ ਅਤੇ ਰਾਜਪੁਰਾ ਦੇ ਗੁਰਦੁਆਰਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਇੱਥੇ ਚੋਰਾਂ ਨੇ ਗੋਲਕਾਂ ‘ਚ ਹੀ ਚੋਰੀ ਕੀਤੀ। ਗ੍ਰੰਥੀ ਸਵਰਨ ਸਿੰਘ ਖੋਜੀਪੁਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਥੇ ਰੱਖੀ ਗੋਲਕ ਚੋਰਾਂ ਵੱਲੋਂ ਤੋੜੀ ਹੋਈ ਸੀ ਅਤੇ ਉਸ ਵਿੱਚੋਂ ਨਕਦੀ ਗਾਇਬ ਸੀ।
ਇਸੇ ਤਰ੍ਹਾਂ ਰਾਜਪੁਰਾ ਗੁਰਦੁਆਰਾ ਸਾਹਿਬ ਦੇ ਮੁਖੀ ਰਵੇਲ ਸਿੰਘ ਰਾਜਪੁਰਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਦੇਖਿਆ ਕਿ ਗੁਰਦੁਆਰੇ ਵਿੱਚੋਂ ਗੋਲਕ ਗਾਇਬ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਚੋਰਾਂ ਨੇ ਇਸ ਦੇ ਨਾਲ ਡੀਵੀਆਰ ਵੀ ਚੋਰੀ ਕਰ ਲਿਆ।
ਉਸ ਨੇ ਦੱਸਿਆ ਕਿ ਨੇੜਲੇ ਖੇਤਾਂ ਵਿੱਚੋਂ ਇੱਕ ਗੋਲਕ ਟੁੱਟੀ ਹਾਲਤ ਵਿੱਚ ਮਿਲੀ ਹੈ। ਇਸੇ ਤਰ੍ਹਾਂ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਮੋਟਰਸਾਈਕਲ ਚੋਰੀ ਕਰ ਲਿਆ। ਪਿੰਡ ਖੋਜੀਪੁਰ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੋਰਾਂ ਨੇ ਉਸ ਦੇ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ। ਦੋਵਾਂ ਘਟਨਾਵਾਂ ਦੀ ਸੂਚਨਾ ਸਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ।
