ਚੰਡੀਗੜ੍ਹ, 12 ਅਪ੍ਰੈਲ 2023 – ਮੰਤਰੀ ਅਨਮੋਲ ਗਗਨ ਮਾਨ ਨੇ ਮੋਹਾਲੀ ਵਿਖੇ ਰਾਸ਼ਟਰੀ ਪਾਰਟੀ ਬਣਨ ਦੇ ਜਸ਼ਨ ਵਿਚ ਸ਼ਾਮਿਲ ਹੋਣ ਮੌਕੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਇਮਾਨਦਾਰੀ ਨਾਲ ਧਰਨਿਆਂ ‘ਚੋਂ ਨਿਕਲੀ ਆਮ ਆਦਮੀ ਪਾਰਟੀ ਇਸ ਹਫਤੇ ਜਿਸ ਪੱਧਰ ‘ਤੇ ਪਹੁੰਚ ਗਈ ਹੈ ਤਾਂ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਥੇ ਹੀ ਸਰਕਾਰ ‘ਚ ਮੰਤਰੀ ਹੁੰਦਿਆਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਜਿਸ ਤਰ੍ਹਾਂ ਦੀ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ, ਉਸ ‘ਚ ਅਸੀਂ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਦੀਆਂ ਉਮੀਦਾਂ ਟੁੱਟਣ ਨਹੀਂ ਦੇਵਾਂਗੇ, ਇਸ ਮੌਕੇ ਸਟੇਜ ਤੋਂ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਉਹ ਆਪਣੇ ਮੰਤਰਾਲੇ ਲਈ ਕੰਮ ਨਹੀਂ ਕਰ ਸਕੇ ਤਾਂ ਉਹ ਲੋਕਾਂ ਕੋਲ ਵੋਟਾਂ ਮੰਗਣ ਨਹੀਂ ਜਾਣਗੇ।
ਬਠਿੰਡਾ ਵਿੱਚ ਮਿਲਟਰੀ ਕੈਂਪ ਦਰਮਿਆਨ ਵਾਪਰੀ ਘਟਨਾ ਬਾਰੇ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਬਠਿੰਡਾ ਦੇ ਐਸਐਸਪੀ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਿਸੇ ਝਗੜੇ ਕਾਰਨ ਗੋਲੀ ਚੱਲੀ ਸੀ, ਜਿਸ ਤੋਂ ਬਾਅਦ ਬਾਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਸਾਖੀ ਦੇ ਮੌਕੇ ‘ਤੇ ਅੰਮ੍ਰਿਤਪਾਲ ਆਤਮ ਸਮਰਪਣ ਕਰ ਸਕਦਾ ਹੈ, ਇਸ ਸਵਾਲ ਦੇ ਜਵਾਬ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਰ ਕੋਈ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦਾ ਹੈ ਅਤੇ ਜਿਸ ਤਰ੍ਹਾਂ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ, ਉਸ ‘ਤੇ ਸਰਕਾਰ ਦਾ ਪੂਰਾ ਕੰਟਰੋਲ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਨਾ ਹੀ ਵਾਪਰਨ ਦਿੱਤੀ ਜਾਵੇਗੀ।

