ਬਠਿੰਡਾ, 13 ਅਪ੍ਰੈਲ 2023 – ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ ਧਾਰਾ 302 ਅਤੇ ਅਸਲਾ ਐਕਟ 25 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਹਮਲਾਵਰਾਂ ਕੋਲ ਰਾਈਫਲ ਦੇ ਨਾਲ-ਨਾਲ ਇੱਕ ਕੁਹਾੜੀ ਵੀ ਸੀ।
ਬੀਤੇ ਦਿਨ ਸਵੇਰੇ ਕਰੀਬ 4:30 ਵਜੇ ਬਠਿੰਡਾ ਫੌਜੀ ਛਾਉਣੀ ’ਚ ਵਾਪਰੀ ਗੋਲ਼ੀਬਾਰੀ ਦੀ ਘਟਨਾ ਦੌਰਾਨ ਸ਼ਹੀਦ ਹੋਏ ਤੋਪਖਾਨੇ ਦੇ 4 ਜਵਾਨਾਂ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਧਰ ਪੁਲਿਸ ਅਤੇ ਫੌਜ਼ ਦੀ ਜਾਂਚ ਟੀਮਾਂ ਨੂੰ ਗੁੰਮ ਹੋਈ ਇਨਸਾਸ ਰਾਈਫਲ ਅਤੇ ਮੈਗਜ਼ੀਨ ਬਰਾਮਦ ਕਰ ਲਿਆ ਗਿਆ ਹੈ।
ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੌਕੇ ਤੋਂ 19 ਖਾਲੀ ਸੈਲਸ ਮਿਲੇ ਹਨ। ਫਾਇਰਿੰਗ ਦੀ ਇਹ ਘਟਨਾ ਮੈਸ ਦੇ ਪਿੱਛੇ ਬਣੀ ਬੈਰਕ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਇਸ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਦੋਂ ਜਵਾਨਾਂ ਉਤੇ ਫਾਇਰਿੰਗ ਕੀਤੀ ਗਈ ਉਸ ਵੇਲੇ ਉਹ ਸੁੱਤੇ ਪਏ ਸਨ।
ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਦੋ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚਸ਼ਮਦੀਦ ਜਵਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਈਰਿੰਗ ਕਰਨ ਵਾਲੇ 2 ਲੋਕ ਸਨ ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ। ਅਜੇ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ । ਮਿਲਟਰੀ ਪੁਲਿਸ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ।
ਉਨ੍ਹਾਂ ਵਿੱਚੋਂ ਇੱਕ ਦੇ ਹੱਥ ’ਚ ਇਨਸਾਸ ਰਾਈਫਲ ਅਤੇ ਦੂਜੇ ਦੇ ਹੱਥ ’ਚ ਕੁਹਾੜੀ ਫੜ੍ਹੀ ਹੋਈ ਸੀ। ਜਵਾਨਾਂ ਦੀ ਨਜ਼ਰ ਪੈਣ ’ਤੇ ਦੋਨੋਂ ਜੰਗਲ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਕਾਰਤੂਸਾਂ ਦੇ 19 ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਫ਼ੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ’ਚ ਕਿਸੇ ਦੋਸ਼ੀ ਦੀ ਗਿ੍ਰਫ਼ਤਾਰੀ ਹੋਣ ਤੋਂ ਇਨਕਾਰ ਕੀਤਾ ਅਤੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਮਾਮਲੇ ਸਬੰਧੀ ਪ੍ਰਤੱਖਦਰਸ਼ੀ ਜਵਾਨ ਦੇ ਬਿਆਨਾਂ ’ਤੇ ਥਾਣਾ ਕੈਂਟ ਵਿਚ ਦੋ ਅਣਪਛਾਤੇ ਕਾਤਲਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਸ਼ਹੀਦ ਜਵਾਨਾਂ ਦੇ ਨਾਮ ਡੀਐਮਟੀ ਸੰਤੋਸ਼, ਡੀਐਮਟੀ ਕਮਲੇਸ਼, ਗਨਰ ਯੋਗੇਸ਼ ਕੁਮਾਰ ਅਤੇ ਡਰਾਈਵਰ ਸਾਗਰਬਨ ਦੱਸੇ ਜਾ ਰਹੇ ਹਨ। ਮਿ੍ਰਤਕ ਸੈਨਿਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਅਤੇ ਘਟਨਾ ਬਾਰੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।