ਜਲੰਧਰ, 13 ਅਪ੍ਰੈਲ 2023 – ਜਲੰਧਰ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਅੱਜ 13 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਇਹ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ।
ਇਸ ਤੋਂ ਬਾਅਦ 21 ਅਪ੍ਰੈਲ ਨੂੰ ਵੱਖ-ਵੱਖ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਜੇਕਰ ਕਿਸੇ ਉਮੀਦਵਾਰ ਨੇ ਚੋਣ ਲੜਨ ਦਾ ਵਿਚਾਰ ਛੱਡ ਦਿੱਤਾ ਹੈ ਤਾਂ ਉਹ 24 ਤਰੀਕ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਾਂਗਰਸ ਨੇ ਉਨ੍ਹਾਂ ਦੀ ਖਾਲੀ ਥਾਂ ਨੂੰ ਭਰਨ ਲਈ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਕਰਮਜੀਤ ਕੌਰ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਜਲੰਧਰ ਦੀ ਸਥਾਨਕ ਲੀਡਰਸ਼ਿਪ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਸਮੂਹ ਕਾਂਗਰਸੀ ਆਗੂ ਤੇ ਵਰਕਰ ਸਵੇਰੇ 10 ਵਜੇ ਜਲੰਧਰ ਕਾਂਗਰਸ ਭਵਨ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਸਮੇਤ ਕਾਫਲਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਇੱਥੋਂ ਡੀਸੀ ਦਫ਼ਤਰ ਵੱਲ ਰਵਾਨਾ ਹੋਵੇਗਾ।