- ਡਰਾਈਵਰ ਖਿਲਾਫ ਮਾਮਲਾ ਦਰਜ
ਅਬੋਹਰ, 15 ਅਪ੍ਰੈਲ 2023 – ਅਬੋਹਰ ਸ਼ਹਿਰ ਦੀ ਬੱਲੂਆਣਾ ਕਲੋਨੀ ਨੇੜੇ ਬੀਤੀ 10 ਅਪਰੈਲ ਨੂੰ ਵਾਪਰੇ ਹਾਦਸੇ ਵਿੱਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਹੈ। ਪੁਲੀਸ ਨੇ ਸਕਾਰਪੀਓ ਚਾਲਕ ਖ਼ਿਲਾਫ਼ ਕਾਰਵਾਈ ਕਰਦਿਆਂ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ।
ਪੁਲੀਸ ਅਨੁਸਾਰ ਸਾਜਨ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਇੰਦਰਾ ਨਗਰੀ ਗਲੀ ਨੰਬਰ 2 ਨੇ ਕੇਸ ਦਰਜ ਕਰਵਾਇਆ ਹੈ। 10 ਅਪ੍ਰੈਲ ਨੂੰ ਉਹ ਆਪਣੀ ਕਾਰ ਵਿੱਚ ਮਲੋਟ ਤੋਂ ਅਬੋਹਰ ਆ ਰਿਹਾ ਸੀ। ਜਦੋਂ ਉਹ ਬੱਲੂਆਣਾ ਕਲੋਨੀ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਸਾਜਨ ਨੇ ਦੱਸਿਆ ਕਿ ਹਾਦਸੇ ਵਿੱਚ ਉਹ, ਉਸਦੀ ਗਰਭਵਤੀ ਪਤਨੀ ਸਾਕਸ਼ੀ ਅਤੇ ਬੇਟਾ ਅਨਮੋਲ ਜ਼ਖ਼ਮੀ ਹੋ ਗਏ। ਅਬੋਹਰ ‘ਚ ਮਹਿਲਾ ਡਾਕਟਰ ਨਾ ਮਿਲਣ ਕਾਰਨ ਗਰਭਵਤੀ ਸਾਕਸ਼ੀ ਨੂੰ ਇਲਾਜ ਲਈ ਮਲੋਟ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਅਣਜੰਮੀ ਬੱਚੀ ਦੀ ਮੌਤ ਹੋ ਗਈ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ।
ਪੁਲੀਸ ਨੇ ਸਾਜਨ ਕੁਮਾਰ ਦੇ ਬਿਆਨਾਂ ’ਤੇ ਸਕਾਰਪੀਓ ਚਾਲਕ ਸੁਰਿੰਦਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਝੋਰੜ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖ਼ਿਲਾਫ਼ ਧਾਰਾ 279, 337, 338 ਤਹਿਤ ਕੇਸ ਦਰਜ ਕਰਕੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।