ਪੰਜਾਬੀ ਯੂਨੀਵਰਸਿਟੀ ‘ਚ ਸਵੇਰੇ ਪੌਣੇ ਚਾਰ ਵਜੇ ਲੱਗੀ ਅੱਗ, ਤੁਰੰਤ ਪਾਇਆ ਗਿਆ ਕਾਬੂ

ਪਟਿਆਲਾ, 19 ਅਪ੍ਰੈਲ 2023 – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਵਰਣ ਵਿਭਾਗ ਦੀ ਪ੍ਰਯੋਗਸ਼ਾਲਾ ਵਿੱਚ ਅੱਜ ਸਵੇਰੇ ਕਰੀਬ ਪੌਣੇ ਚਾਰ ਵਜੇ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਿਆ, ਜਿਸ ਉੱਪਰ ਯੂਨੀਵਰਸਿਟੀ ਦੇ ਸੰਬੰਧਤ ਅਮਲੇ ਵੱਲੋਂ ਤੁਰੰਤ ਮੁਸਤੈਦੀ ਵਿਖਾਉਂਦਿਆਂ ਸਵਾ ਕੁ ਚਾਰ ਵਜੇ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਕਾਰਵਾਈ ਵਿੱਚ ਸ਼ਾਮਿਲ ਕਰਮਚਾਰੀਆਂ ਦੀ ਭੂਮਿਕਾ ਬਾਰੇ ਸ਼ਲਾਘਾ ਕਰਦਿਆਂ ਐਲਾਨ ਕੀਤਾ ਗਿਆ ਕਿ ਸੁਰੱਖਿਆ ਅਮਲੇ ਦੇ ਇਨ੍ਹਾਂ ਕਰਮਚਾਰੀਆਂ ਨੂੰ ਯੂਨੀਵਰਸਿਟੀ ਮੁੱਖ ਸੁਰੱਖਿਆ ਅਫ਼ਸਰ ਰਾਹੀਂ ਪ੍ਰਸ਼ੰਸ਼ਾ-ਪੱਤਰ ਪ੍ਰਦਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਯੋਗਸ਼ਾਲਾ ਵਿੱਚ ਬਹੁਤ ਸਾਰੇ ਮਹਿੰਗੇ ਉਪਕਰਣ ਮੌਜੂਦ ਸਨ ਜੋ ਇਸ ਅੱਗ ਦੇ ਫੈਲਾਅ ਨਾਲ਼ ਤਬਾਹ ਹੋ ਸਕਦੇ ਸਨ। ਇਸ ਲਈ ਇਹ ਕਰਮਚਾਰੀ ਸ਼ਲਾਘਾ ਦੇ ਹੱਕਦਾਰ ਹਨ।

ਸੁਰਿੱਖਆ ਅਫਸਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਜ਼ਮੀਨੀ ਮੰਜ਼ਿਲ ਹੋਣ ਕਾਰਨ ਅੱਗ ਦੇ ਉੱਤੇ ਵਾਲੀਆਂ ਮੰਜ਼ਿਲਾਂ ਅਤੇ ਲਾਗੇ ਦੇ ਕਮਰਿਆਂ ਵਿੱਚ ਜਾਣ ਦਾ ਖਤਰਾ ਸੀ। ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪ੍ਰਯੋਗਸ਼ਾਲਾ ਦੇ ਅੰਦਰ ਕੁਰਸੀ-ਮੇਜ਼ ਤੱਕ ਅੱਗ ਤੋਂ ਬਚ ਗਏ ਹਨ ਅਤੇ ਅਲਮਾਰੀਆਂ ਦਾ ਵੀ ਬਚਾਅ ਹੋ ਗਿਆ ਹੈ। ਇਸ ਮੌਕੇ ਬਿਜਲੀ ਵਿਭਾਗ ਦੇ ਕਰਮਚਾਰੀ ਰਘਬੀਰ ਸਿੰਘ ਨੇ ਤੁਰੰਤ ਪਹੁੰਚ ਕੇ ਬਿਜਲੀ ਕੱਟੀ ਅਤੇ ਅੱਗ ਬੁਝਾਉਣ ਵਿੱਚ ਹਿੱਸਾ ਪਾਇਆ।

ਵਿਭਾਗ ਮੁਖੀ ਪ੍ਰੋ. ਗੁਰਿੰਦਰ ਕੌਰ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਹਿਮੇਂਦਰ ਭਾਰਤੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅੱਗ ਜ਼ਮੀਨੀ ਮੰਜਿ਼ਲ ਵਿਖੇ ਸਥਿਤ ਪ੍ਰਯੋਗਸ਼ਾਲਾ ਵਿੱਚ ਲੱਗੀ ਸੀ। ਜੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਦੇ ਪੂਰੀ ਮੰਜਿ਼ਲ ਉੱਤੇ ਅਤੇ ਫਿਰ ਦੂਜੀਆਂ ਪ੍ਰਯੋਗਸ਼ਾਲਾਵਾਂ ਤੱਕ ਫੈਲਾਅ ਦਾ ਵੀ ਖਦਸ਼ਾ ਸੀ। ਉਨ੍ਹਾਂ ਦੱਸਿਆ ਕਿ ਪ੍ਰਯੋਗਸ਼ਾਲਾ ਵਿੱਚ ਪ੍ਰਯੋਗਾਂ ਲਈ ਵਰਤੇ ਜਾਂਦੇ ਬਹੁਤ ਸਾਰੇ ਰਸਾਇਣਕ ਪਦਾਰਥ ਵੀ ਮੌਜੂਦ ਸਨ ਜੋ ਅੱਗ ਦੇ ਤੇਜ਼ੀ ਨਾਲ਼ ਫੈਲਣ ਦਾ ਕਾਰਨ ਬਣ ਸਕਦੇ ਸਨ। ਇਸ ਲਈ ਇਸ ਅੱਗ ਨੂੰ ਤੁਰੰਤ ਰੋਕਿਆ ਜਾਣਾ ਲਾਜ਼ਮੀ ਸੀ। ਮੁੱਢਲੇ ਜਾਇਜ਼ੇ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਇੱਕ ਫਰਿੱਜ ਵਿੱਚ ਲੱਗੀ ਸੀ ਜੋ ਬਾਅਦ ਵਿੱਚ ਪੱਖਿਆਂ ਤੱਕ ਫੈਲ ਗਈ। ਸਮੇਂ ਸਿਰ ਕਾਬੂ ਪਾਏ ਜਾਣ ਕਾਰਨ ਅਲਮਾਰੀਆਂ ਵਿਚਲੇ ਸਮਾਨ ਦਾ ਸੜਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਨੁਕਸਾਨੇ ਗਏ ਸਮਾਨ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਇਸੇ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿੱਚ ਅੱਗ ਬੁਝਾਉਣ ਦੇ ਇੰਤਜ਼ਾਮ ਦਾ ਅੰਦਾਜ਼ਾ ਲੈਣਾ ਬਣਦਾ ਹੈ ਜੋ ਵਿਧੀਵਤ ਢੰਗ ਨਾਲ ਕੀਤਾ ਜਾਵੇਗਾ। ਅੱਗ ਬੁਝਾਉਣ ਵਿੱਚ ਜਿਨ੍ਹਾਂ ਕਰਮਚਾਰੀਆਂ ਨੇ ਸਰਗਰਮ ਭੂਮਿਕਾ ਨਿਭਾਈ ਉਨ੍ਹਾਂ ਵਿੱਚ ਸੁਰੱਖਿਆ ਅਮਲੇ ਤੋਂ ਪ੍ਰਦੀਪ ਕੁਮਾਰ, ਲਖਵੀਰ ਸਿੰਘ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ ਸਰਾਲ਼ਾ, ਹਰਵਿੰਦਰ ਸਿੰਘ ਪਟਿਆਲ਼ਾ, ਸਤਨਾਮ ਸਿੰਘ ਤੋਂ ਇਲਾਵਾ ਗੇਟ ਸੁਪਰਵਾਈਜ਼ਰ ਸੂਬੇਦਾਰ ਲਖਵੀਰ ਸਿੰਘ ਅਤੇ ਵਾਰਡ ਐਂਡ ਵਾਚ ਅਫ਼ਸਰ ਅਮਰਜੀਤ ਸਿੰਘ ਸ਼ਾਮਿਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੱਦ ਬਣ ਗਿਆ ਇੱਕ ਸਮੱਸਿਆ ! 6 ਫੁੱਟ ਤੋਂ ਲੰਬੀ ਮਾਡਲ ਨੇ ਕਿਹਾ- ਬੁਆਏਫ੍ਰੈਂਡ ਨਹੀਂ ਮਿਲ ਰਿਹਾ… ਤਸਵੀਰਾਂ ਵਾਇਰਲ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋ ਔਰਤਾਂ ਸਬੰਧੀ ਸਕੀਮਾਂ ਬਾਰੇ ਲੁਧਿਆਣਾ ਵਿਖੇ ਵੱਖ-ਵੱਖ ਵਿਭਾਗਾਂ ਨਾਲ ਪਹਿਲੀ ਮਿਲਣੀ