ਮੂਣਕ (ਸੰਗਰੂਰ), 22 ਅਪ੍ਰੈਲ 2023 – ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ (ਮਿਸਲ ਸ਼ਹੀਦਾਂ) ਤੂਰ ਨਗਰ ਟੋਹਾਣਾ (ਹਰਿਆਣਾ) ਦੀ ਟੀਮ ‘ਚ ਅਕਾਲ ਅਕੈਡਮੀ ਮੂਣਕ ਦੇ ਵਿੱਚ ਮੁਫ਼ਤ ਪੜ੍ਹ ਰਹੇ ਵਿਦਿਆਰਥੀ ਨੇ ਐਵਰੈਸਟ ਬੇਸ ਕੈਂਪ ਦੌਰਾਨ ਗਤਕਾ ਖੇਡ ਕੇ ਜਿੱਤ ਦਾ ਨਿਸ਼ਾਨ ਲਹਿਰਾਇਆ ਗਿਆ।
ਅਕਾਲ ਅਕੈਡਮੀ ਮੂਣਕ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕੀ ਕਲਗੀਧਰ ਟਰੱਸਟ ਅਧੀਨ ਚੱਲ ਰਹੀ ਮਾਤਾ ਭੋਲੀ ਸਕੀਮ ਅਧੀਨ ਮੁਫ਼ਤ ਵਿੱਦਿਆ ਹਾਸਿਲ ਕਰ ਰਹੇ ਹੋਣਹਾਰ ਵਿਦਿਆਰਥੀ ਜਸਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਵਾਸੀ ਘਮੂਰਘਾਟ ਨੇ ਵੀ ਭਾਗ ਲਿਆ ਜੋ ਏਰੀਏ ਦੇ ਬੱਚਿਆਂ ਲਈ ਪ੍ਰੇਰਣਾ ਸ੍ਰੋਤ ਬਣਿਆ। ਇਹ ਗੱਤਕਾ ਟੀਮ ਮਾਊਂਟ ਐਵਰੈਸਟ ਬੇਸ ਕੈਂਪ ‘ਤੇ ਗਤਕਾ ਖੇਡ ਕੇ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿਚ ਸਫਲ ਹੋਈ।
ਇਸ ਗਤਕਾ ਟੀਮ ਦੀ ਅਗਵਾਈ ਅਧਿਕਾਰਤ ਗੱਤਕਾ ਕੋਚ ਪ੍ਰਭਸ਼ਰਨ ਸਿੰਘ ਵੱਲੋਂ ਬਾਖੂਬੀ ਕੀਤੀ ਗਈ ਤੇ ਇਸ ਗਰੁੱਪ ਨੂੰ ਵੀਰ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਟਰੈਕ ਲੀਡਰ ਦੇ ਤੌਰ ਤੇ ਲੀਡ ਕੀਤਾ ਤੇ ਕੁੱਲ 9 ਜਣਿਆਂ ਵਿਚੋਂ 5 ਸਿੰਘਾਂ ਨੇ ਵਲੋਂ ਗੱਤਕਾ ਖੇਡਿਆ ਗਿਆ। ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਉਚਾਈ 17598 ਫੁੱਟ ਭਾਵ 5364 ਮੀਟਰ ਹੈ ਅਤੇ ਜਿੱਥੇ ਆਮ ਤਾਪਮਾਨ 15 ਡਿਗਰੀ ਮਨਫ਼ੀ ਰਹਿੰਦਾ ਹੈ ਜਿੱਥੇ 75 ਕਿਲੋਮੀਟਰ ਦਾ ਦੁਰਗਮ ਪਹਾੜੀ ਏਰੀਏ ਦਾ ਪੈਦਲ ਰਸਤਾ ਤਹਿ ਕਰਕੇ ਪਹੁੰਚੇ ਬੱਚਿਆਂ ਨੇ ਗਤਕੇ ਦੇ ਵਧੀਆ ਜੌਹਰ ਦਿਖਾਏ।
ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ‘ਤੇ ਛੋਟੀ ਉਮਰ ਦੇ ਗਤਕਾ ਖੇਡਣ ਵਾਲੇ ਪਹਿਲੇ ਟੀਮ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਪਰਬਤਾਰੋਹੀ ਜਸਪ੍ਰੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਸਟਾਫ ਵੱਲੋਂ ਵੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਕਲਗੀਧਰ ਟਰੱਸਟ ਵੱਲੋ ਚਲਾਈ ਜਾ ਰਹੀ ਮਾਤਾ ਭੋਲੀ ਸਕੀਮ ਤਹਿਤ ਇਸ ਬੱਚੇ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ ਅਤੇ ਕਿਹਾ ਸੰਸਥਾ ਹਮੇਸ਼ਾ ਹੀ ਗਰੀਬ ਪਰਿਵਾਰ ਦੇ ਬੱਚਿਆ ਨੂੰ ਉੱਚ ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ। ਉਨ੍ਹਾਂ ਅਕੈਡਮੀ ਦੇ ਹੋਰਨਾਂ ਵਿਦਿਆਰਥੀਆਂ ਨੂੰ ਜਸਪ੍ਰੀਤ ਸਿੰਘ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲੀ ਸਟਾਫ ਮੌਜੂਦ ਸੀ।