ਲੁਧਿਆਣਾ, 24 ਅਪ੍ਰੈਲ 2023 – ਲੁਧਿਆਣਾ ਜ਼ਿਲ੍ਹੇ ਦੇ ਪੱਖੋਵਾਲ ਰੋਡ ‘ਤੇ ਫਰਾਈਡ ਹੇਰਾ ਫੇਰੀ ਫਾਸਟ ਫੂਡ ਦੇ ਬਾਹਰ ਕੁੱਝ ਸਕੂਲੀ ਵਿਦਿਆਰਥੀ ਆਪਸ ਵਿੱਚ ਭਿੜ ਗਏ। ਵਿਦਿਆਰਥੀਆਂ ਨੇ ਇੱਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਗਾਲੀ-ਗਲੋਚ ਕੀਤਾ ਅਤੇ ਭੰਨਤੋੜ ਵੀ ਕੀਤੀ। ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਇੱਕ ਵਿਦਿਆਰਥੀ ਖੜ੍ਹਾ ਸੀ। ਕਰੀਬ 15 ਤੋਂ 20 ਨੌਜਵਾਨ ਉਸ ਕੋਲ ਆਏ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਸੀ। ਇਹ ਦੇਖ ਕੇ ਨੌਜਵਾਨਾਂ ਨੇ ਉਸ ਨੌਜਵਾਨ ਨਾਲ ਲੜਾਈ ਸ਼ੁਰੂ ਕਰ ਦਿੱਤੀ। ਵਿਦਿਆਰਥੀ ਨੇ ਆਪਣੇ ਬਚਾਅ ਲਈ ਰੌਲਾ ਪਾਇਆ। ਉਹ ਦੁਕਾਨ ਤੋਂ ਬਾਹਰ ਆ ਕੇ ਵਿਦਿਆਰਥੀਆਂ ਦੀ ਲੜਾਈ ਨੂੰ ਰੋਕਣ ਲਈ ਗਿਆ ਤਾਂ ਬਦਮਾਸ਼ਾਂ ਨੇ ਉਸ ਦੀ ਦੁਕਾਨ ਦੇ ਦਰਵਾਜ਼ੇ ਅਤੇ ਸਟੈਂਡ ਤੋੜਨੇ ਸ਼ੁਰੂ ਕਰ ਦਿੱਤੇ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਸ਼ਰੇਆਮ ਇਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਦੀ ਢਿੱਲੀ ਕਾਰਜਸ਼ੈਲੀ ਨੂੰ ਦਰਸਾਉਂਦੀ ਹੈ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਮਲਾਵਰ ਪੱਖੋਵਾਲ ਰੋਡ ਸਥਿਤ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਹਨ। ਲੜਾਈ ਸਬੰਧੀ ਥਾਣਾ ਦੁੱਗਰੀ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਹਰਵਿੰਦਰ ਅਨੁਸਾਰ ਪੁਲੀਸ ਉਸ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਬੁਲਾ ਰਹੀ ਹੈ, ਜਦੋਂਕਿ ਝੜਪ ਵਿੱਚ ਸ਼ਾਮਲ ਦੋਵੇਂ ਧੜੇ ਵੱਖਰੇ ਹਨ। ਉਹ ਦੁਕਾਨਦਾਰ ਹੈ। ਉਸ ਦੀ ਦੁਕਾਨ ਦਾ ਨੁਕਸਾਨ ਹੋਇਆ ਹੈ ਅਤੇ ਉਸ ਨੂੰ ਖੁਦ ਥਾਣੇ ਦੇ ਚੱਕਰ ਕੱਟਣੇ ਪਏ ਹਨ। ਹਰਵਿੰਦਰ ਨੇ ਦੱਸਿਆ ਕਿ ਹਮਲਾਵਰ 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਹਨ।