- ਜ਼ਿਲ੍ਹਾ ਪ੍ਰਸਾਸ਼ਨ ਨੇ ਠੇਕੇ ਦੇ ਰੱਖੇ ਮਾਲ ਪਟਵਾਰੀ ਦੀਆਂ ਸੇਵਾਵਾਂ ਖਤਮ ਕੀਤੀਆਂ
- ਪਟਵਾਰੀ ਦੀ ਵਾਇਰਲ ਹੋਈ ਵੀਡੀਓ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਤੁਰੰਤ ਮਿਸਾਲੀ ਕਾਰਵਾਈ
- ਐਸ ਡੀ ਐਮ ਬੰਗਾ ਨੂੰ ਪੜਤਾਲ ਸੌਂਪੀ ਅਤੇ ਦੋ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ
ਬੰਗਾ, 24 ਅਪ੍ਰੈਲ, 2023 – ਭ੍ਰਿਸ਼ਟਾਚਾਰ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ਕਤੀ ਨੀਤੀ ਦੀ ਪਾਲਣਾ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਬੰਗਾ ਸਬ ਡਵੀਜ਼ਨ ਵਿੱਚ ਤਾਇਨਾਤ ਇੱਕ ਠੇਕੇ ਤੇ ਰੱਖੇ ਮਾਲ ਪਟਵਾਰੀ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਿਸ ਵਿੱਚ ਬੰਗਾ ਸਬ ਡਵੀਜ਼ਨ ਦੇ ਖੋਥੜਾਂ ਮਾਲ ਸਰਕਲ ਵਿਖੇ ਤਾਇਨਾਤ ਪਟਵਾਰੀ ਅਮਰਜੀਤ ਸਿੰਘ ਇੱਕ ਔਰਤ ਪਾਸੋਂ ਕੁਝ ਪੈਸੇ ਲੈ ਰਿਹਾ ਨਜ਼ਰ ਆ ਰਿਹਾ ਹੈ, ਵਾਇਰਲ ਹੋਣ ਤੋਂ ਤੁਰੰਤ ਬਾਅਦ ਕਾਰਵਾਈ ਕਰਦੇ ਹੋਏ ਸਬੰਧਤ ਸੇਵਾਮੁਕਤ ਪਟਵਾਰੀ ਦੀਆਂ ਸੇਵਾਵਾਂ ਨੂੰ ਤੁਰੰਤ ਖਤਮ ਕਰ ਦਿੱਤਾ ਗਿਆ। ਇਹ ਸੇਵਾ ਸਮਾਪਤੀ ਨਿਯੁਕਤੀ ਪੱਤਰ ਚ ਦਰਜ ਸ਼ਰਤ ਨੰ. 6, ਤਹਿਤ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਸ ਦੀ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਹਨ। ਉਕਤ ਪਟਵਾਰੀ ਨੂੰ ਪਿਛਲੇ ਸਾਲ 6 ਜੁਲਾਈ, 2022 ਨੂੰ ਸੇਵਾਮੁਕਤੀ ਬਾਅਦ ਠੇਕੇ ਤੇ ਮੁੜ ਨਿਯੁਕਤ ਕੀਤਾ ਗਿਆ ਸੀ ਅਤੇ 7 ਜੁਲਾਈ 2022 ਨੂੰ ਇਸ ਮਾਲ ਸਰਕਲ ਵਿੱਚ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਸੀ।
ਵਧੀਕ ਡਿਪਟੀ ਕਮਿਸ਼ਨਰ ਵਰਮਾ ਨੇ ਅੱਗੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਬੰਗਾ ਨੂੰ ਤੱਥਾਂ ਦੀ ਪੜਤਾਲ ਕਰਨ ਅਤੇ ਅਗਲੀ ਕਾਰਵਾਈ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸ ਡੀ ਐਮ ਨੂੰ ਦੋ ਹਫ਼ਤਿਆਂ ਵਿੱਚ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।