ਫਾਜ਼ਿਲਕਾ, 25 ਅਪ੍ਰੈਲ 2023 – ਫਾਜ਼ਿਲਕਾ ਦੇ ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ‘ਤੇ ਸਥਿਤ ਬਸਤੀ ਕੁਮਹਾਰਾਂ ਵਾਲੀ ‘ਚ 18 ਸਾਲਾ ਵਿਦਿਆਰਥੀ ਦੇ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 12ਵੀਂ ਜਮਾਤ ‘ਚ ਪੜ੍ਹਦਾ ਵਿਦਿਆਰਥੀ ਪੇਪਰ ਦੇਣ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਇਸ ਸਬੰਧੀ ਪੁਲੀਸ ਨੂੰ 10 ਦਿਨ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਪਰ ਅਜੇ ਤੱਕ ਵਿਦਿਆਰਥੀ ਬਾਰੇ ਕੁੱਝ ਪਤਾ ਨਹੀਂ ਲੱਗਿਆ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਬੱਚੇ ਦੀ ਸਹੀ ਸਲਾਮਤ ਬਰਾਮਦਗੀ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਲਾਪਤਾ ਬੱਚੇ ਸਨਮ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੇ ਦੋ ਬੱਚੇ ਸਨਮ 18 ਸਾਲ ਅਤੇ ਇੱਕ 16 ਸਾਲ ਦੀ ਲੜਕੀ ਹੈ। ਉਸ ਦਾ ਬੱਚਾ ਸਨਮ, ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ, 12 ਅਪ੍ਰੈਲ ਨੂੰ ਪੇਪਰ ਦੇਣ ਲਈ ਘਰੋਂ ਨਿਕਲਿਆ ਸੀ, ਪਰ ਅੱਜ ਤੱਕ ਘਰ ਨਹੀਂ ਪਰਤਿਆ। ਪੇਪਰ ਖਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਬੱਚਾ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਆਪਣੇ ਪੱਧਰ ‘ਤੇ ਕਾਫੀ ਭਾਲ ਕੀਤੀ।
ਹਾਲਾਂਕਿ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਕੋਲ ਵੀ ਬੱਚੇ ਦੀ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਪਿਛਲੇ 12 ਦਿਨਾਂ ਤੋਂ ਬੱਚੇ ਦੇ ਲਾਪਤਾ ਹੋਣ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ 15 ਅਪ੍ਰੈਲ ਨੂੰ ਸਨਮ ਦੇ ਲਾਪਤਾ ਹੋਣ ਦੀ ਸ਼ਿਕਾਇਤ ਸਿਟੀ ਥਾਣੇ ‘ਚ ਦਿੱਤੀ ਸੀ ਪਰ ਪੁਲਸ ਪ੍ਰਸ਼ਾਸਨ ਬੱਚੇ ਨੂੰ ਲੱਭਣ ‘ਚ ਅਸਫਲ ਰਿਹਾ ਹੈ। ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲਾਪਤਾ ਬੱਚੇ ਦੀ ਭਾਲ ਕੀਤੀ ਜਾਵੇ।