- 549 ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 7612 ਗੁਰਦੁਆਰਿਆਂ, 2236 ਮੰਦਰਾਂ ਅਤੇ 795 ਚਰਚਾਂ ਦੀ ਕੀਤੀ ਚੈਕਿੰਗ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਪ੍ਰਬੰਧਕੀ ਕਮੇਟੀਆਂ ਨੂੰ ਸੁਰੱਖਿਆ ਗਾਰਡ ਤਾਇਨਾਤ ਕਰਨ, ਧਾਰਮਿਕ ਸੰਸਥਾਵਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਯਕੀਨੀ ਬਣਾਉਣ ਲਈ ਦਿੱਤੀ ਸਲਾਹ
- ਸੀਪੀਜ਼/ਐਸਐਸਪੀਜ਼ ਨੂੰ ਧਾਰਮਿਕ ਸਥਾਨਾਂ ਦੁਆਲੇ ਪੁਲਿਸ ਗਸ਼ਤ ਵਧਾਉਣ ਲਈ ਕਿਹਾ
ਚੰਡੀਗੜ੍ਹ, 26 ਅਪ੍ਰੈਲ 2023 – ਸਾਰੇ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਰਾਰਤੀ ਅਨਸਰਾਂ ‘ਤੇ ਸਖ਼ਤ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਿਆਂ, ਮੰਦਰਾਂ ਅਤੇ ਚਰਚਾਂ ਸਮੇਤ ਅਜਿਹੀਆਂ ਸਾਰੀਆਂ ਸੰਸਥਾਵਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਵੱਖ-ਵੱਖ ਥਾਵਾਂ ‘ਤੇ ਕਲੋਜ਼ ਸਰਕਟ ਟੈਲੀਵਿਜ਼ਨ ( ਸੀਸੀਟੀਵੀ) ਕੈਮਰੇ ਲੱਗੇ ਹੋਏ ਹਨ ਅਤੇ ਕਾਰਜਸ਼ੀਲ ਹਨ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਚੈਕਿੰਗ ਕੀਤੀ ਗਈ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਥਾਣੇ ਦੇ ਐਡੀਸ਼ਨਲ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਦੀ ਅਗਵਾਈ ਹੇਠ ਇੱਕ ਟੀਮ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਧਾਰਮਿਕ ਸਥਾਨਾਂ ਦਾ ਦੌਰਾ ਕਰਨ ਲਈ ਤਾਇਨਾਤ ਕਰਨ ਅਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਸੁਰੱਖਿਆ ਸਮੀਖਿਆ ਮੀਟਿੰਗਾਂ ਕਰਨ।
ਉਹਨਾਂ ਕਿਹਾ ਕਿ 2800 ਪੁਲਿਸ ਮੁਲਾਜ਼ਮ ਵਾਲੀਆਂ ਘੱਟੋ-ਘੱਟ 549 ਪੁਲਿਸ ਟੀਮਾਂ ਨੇ ਸੂਬੇ ਭਰ ਦੇ 7612 ਗੁਰਦੁਆਰਿਆਂ, 2236 ਮੰਦਰਾਂ ਅਤੇ 795 ਚਰਚਾਂ ਦੀ ਚੈਕਿੰਗ ਕੀਤੀ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਮੂਹ ਗੁਰਦੁਆਰਿਆਂ, ਮੰਦਰਾਂ ਅਤੇ ਚਰਚਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਧਾਰਮਿਕ ਅਦਾਰਿਆਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਮੇਸ਼ਾ ਚੌਕਸ ਰਹਿਣ। ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਹਫਤਾਵਾਰੀ ਚੈਕਿੰਗ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਉਹਨਾਂ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੇ ਧਾਰਮਿਕ ਸਥਾਨਾਂ ਦੇ ਪ੍ਰਵੇਸ਼ ਦੁਆਰ ‘ਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਸੀਪੀਜ਼/ਐਸਐਸਪੀਜ਼ ਨੂੰ ਸਮਾਜ ਵਿਰੋਧੀ ਅਨਸਰਾਂ ‘ਤੇ ਨਿਗਰਾਨੀ ਤੇਜ਼ ਕਰਨ ਲਈ ਸਾਰੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਪੁਲਿਸ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।