- ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੰਨੂ ਮਾਛੀ ਦੇ ਹਨ ਇਹ ਪਰਿਵਾਰ
ਮੱਖੂ/ਫਿਰੋਜਪੁਰ, 26 ਅਪ੍ਰੈਲ 2023 – ਖਾਲਸਾ ਏਡ ਇੰਟਰਨੈਸ਼ਨਲ ਵੱਲੋ ਅੰਤਰਰਾਸ਼ਟਰੀ ਪੱਧਰ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਆਰਥਿਕ ਮਦਦ ਕੀਤੀ ਜਾਂਦੀ ਹੈ । ਸੰਸਥਾ ਵੱਲੋਂ ਲੰਗਰ ਲਗਾਉਣ ਦੇ ਨਾਲ – ਨਾਲ ਦਵਾਈਆਂ , ਕੱਪੜੇ , ਕਿਸਾਨਾਂ ਨੂੰ ਬੀਜ, ਖਾਦਾਂ ਤੋ ਇਲਾਵਾ ਸਵੈ ਰੁਜ਼ਗਾਰ ਲਈ ਦੁਧਾਰੂ ਪਸ਼ੂ ਮੁਹਈਆ ਕਰਵਾਏ ਜਾ ਰਹੇ ਹਨ।
ਸਰਹੱਦੀ ਜਿਲ੍ਹਾ ਫ਼ਿਰੋਜ਼ਪੁਰ ਦੇ ਦਰਿਆਈ ਖੇਤਰ ਵਿਚ ਵੱਸੇ ਕਿਸਾਨ ਗਰੀਬ ਜਿਨ੍ਹਾਂ ਦੇ ਪਸ਼ੂ ਹੜ੍ਹ ਜਾਂ ਲੰਪੀ ਸਕਿਨ ਬਿਮਾਰੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਸੀ ਉਹਨਾਂ ਪਸ਼ੂ ਪਾਲਕਾਂ ਨੂੰ ਬਹੁਤ ਹੀ ਸ਼ਾਨਦਾਰ ਨਸਲ ਦੀਆਂ ਮੱਝਾਂ ਮੁਹਇਆ ਕਰਵਾ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਪੈਰਾਂ ਉਪਰ ਖੜ੍ਹਾ ਕਰਨੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਰੋਨਾ ਕਾਲ ਦੌਰਾਨ ਚਾਹੇ ਇਹ ਸੇਵਾ ਇਕ ਵਾਰ ਰੁਕ ਗਈ ਸੀ ਪਰ ਹੁਣ ਫਿਰ ਪਸ਼ੂ ਪਾਲਕਾਂ ਨੂੰ ਦੁਧਾਰੂ ਪਸ਼ੂ ਦਿੱਤੇ ਜਾ ਰਹੇ ਹਨ।
ਮਖੂ ਬਲਾਕ ਦੇ ਪਿੰਡ ਮਨੂੰ ਮਾਛੀ ਦੋ ਪਰਿਵਾਰ ਹੜ੍ਹ ਪੀੜਤ ਸੀ ਤੇ ਇਕ ਪਰਿਵਾਰ ਦਾ ਪਸ਼ੂ ਲੰਪੀ ਸਕਿਨ ਰੋਗ ਕਾਰਨ ਮਰ ਗਿਆ ਸੀ । ਇਕ ਪਰਿਵਾਰ ਲੋੜਵੰਦ ਸੀ, ਜਿਸਦੇ ਪਰਿਵਾਰ ਦਾ ਕੋਈ ਜੀਅ ਕਮਾਉਣ ਵਾਲਾ ਨਹੀਂ ਸੀ । ਇਸ ਪਰਿਵਾਰ ਵਿਚ ਛੇ ਮਹੀਨੇ ਵਿਚ ਪਿਓ-ਪੁੱਤ ਦੀ ਮੌਤ ਹੋਣ ਕਾਰਨ ਘਰ ਕਮਾਈ ਦਾ ਸਾਧਨ ਨਹੀ ਰਿਹਾ। ਹੁਣ ਇਸ ਘਰ ਵਿਚ ਇਕ ਨੌਜਵਾਨ ਲੜਕਾ ਹੈ ਜੋ ਬਾਹਰਵੀਂ ਜਮਾਤ ਵਿਚ ਪੜ੍ਹਦਾ ਹੈ ਤੇ ਉਸ ਨੂੰ ਮੱਝ ਦਿੱਤੀ ਗਈ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ।
ਮੱਝਾਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਇਹਨਾਂ ਪਸ਼ੁ ਪਾਲਣ ਦਾ ਕਿੱਤਾ ਅਪਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਯੋਗ ਹੋ ਜਾਣਗੇ। ਇਥੇ ਇਹ ਵੀ ਦੱਸ ਦੇਈਏ ਕਿ ਇੰਹਨਾਂ ਪਰਿਵਾਰਾਂ ਨੂੰ ਚੰਗੀ ਨਸਲ ਦੇ ਦੁਧਾਰੂ ਪਸ਼ੂ ਦੇਣ ਤੋਂ ਪਹਿਲਾਂ ਘਰ ਦੇ ਇਕ ਜੀਅ ਨੂੰ ਡੇਅਰੀ ਸਬੰਧੀ ਲੋੜੀਂਦਾ ਕੋਰਸ ਕਰਾਇਆ ਜਾਂਦਾ ਹੈ ਤਾਂ ਜੋ ਉਹ ਪਸ਼ੂ ਦੀ ਚੰਗੀ ਦੇਖ ਭਾਲ ਕਰ ਸਕਣ।