ਲੁਧਿਆਣਾ, 27 ਅਪ੍ਰੈਲ 2023 – ਅਦਾਲਤ ਨੇ ਇੱਕ ਦੋਸ਼ੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਵਧੀਕ ਸੈਸ਼ਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਮੁਲਜ਼ਮ ਸਿਕੰਦਰ ਉਰਫ਼ ਕਾਲੂ ਵਾਸੀ ਟਰਾਂਸਪੋਰਟ ਨਗਰ, ਲੁਧਿਆਣਾ ਨੂੰ ਨਸ਼ੀਲੇ ਪਦਾਰਥ ਬਰਾਮਦ ਹੋਣ ‘ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।
ਇਸ ਸਬੰਧੀ 10 ਅਗਸਤ 2016 ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਜਦੋਂ ਪੁਲੀਸ ਪਾਰਟੀ ਘੋੜਾ ਫੈਕਟਰੀ ਟੀ ਪੁਆਇੰਟ ਨੇੜੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਮੁਲਜ਼ਮਾਂ ਨੂੰ ਆਉਂਦੇ ਦੇਖਿਆ।
ਪੁਲਸ ਨੂੰ ਦੇਖ ਕੇ ਦੋਸ਼ੀ ਡਰ ਗਿਆ ਅਤੇ ਪਿੱਛੇ ਨੂੰ ਭੱਜਣ ਲੱਗਾ। ਪੁਲੀਸ ਵੀ ਉਸ ਦੇ ਪਿੱਛੇ ਭੱਜੀ ਪਰ ਮੁਲਜ਼ਮ ਠੋਕਰ ਲੱਗਣ ਕਾਰਨ ਡਿੱਗ ਪਿਆ। ਪੁਲੀਸ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਜਦੋਂ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਮੁਲਜ਼ਮ ਕੋਲੋਂ ਤਿੰਨ ਸੌ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਸਬੰਧੀ ਮੁਲਜ਼ਮ ਕੋਈ ਠੋਸ ਜਵਾਬ ਨਹੀਂ ਦੇ ਸਕਿਆ।
ਅਦਾਲਤ ਵਿੱਚ, ਦੋਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਉਸਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ, ਪਰ ਉਹ ਆਪਣੇ ਬਚਾਅ ਵਿੱਚ ਕੋਈ ਗਵਾਹ ਪੇਸ਼ ਕਰਨ ਵਿੱਚ ਅਸਫਲ ਰਿਹਾ। ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀ ਨੂੰ ਦਸ ਸਾਲ ਦੀ ਕੈਦ ਅਤੇ ਇੱਕ ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਹੈ।