ਅੰਮ੍ਰਿਤਸਰ, 27 ਅਪ੍ਰੈਲ 2023 – ਰਿਸ਼ਵਤਖੋਰੀ ਦੇ ਮਾਮਲੇ ਵਿੱਚ ਥਾਣਾ ਰਣਜੀਤ ਐਵੀਨਿਊ ਵੱਲੋਂ ਟ੍ਰੈਫਿਕ ਪੁਲੀਸ ਦੇ ਇੱਕ ਐਸ.ਆਈ. ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਐਸਆਈ ਪਰਮਜੀਤ ਸਿੰਘ ਵਜੋਂ ਹੋਈ ਹੈ। ਬੀਤੇ ਦਿਨ ਇਕ ਵਾਹਨ ਚਾਲਕ ਨੇ ਟ੍ਰੈਫਿਕ ਪੁਲਸ ਦੇ ਸਬ-ਇੰਸਪੈਕਟਰ ਵੱਲੋਂ ਪੈਸੇ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਸੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਵੀਡੀਓ ਦੀ ਜਾਂਚ ਕੀਤੀ। ਵੀਡੀਓ ਬਣਾਉਣ ਵਾਲੇ ਸਾਗਰ ਨਾਂ ਦੇ ਵਿਅਕਤੀ ਨੇ ਕਰਿੰਦੇ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਸੀ।
ਪੁਲੀਸ ਹਿਰਾਸਤ ਵਿੱਚ ਕਰਿੰਦੇ ਨੇ ਦੱਸਿਆ ਕਿ ਉਹ ਪੁਲੀਸ ਮੁਲਾਜ਼ਮਾਂ ਨੂੰ ਰਿਸ਼ਵਤ ਦਿਵਾਉਣ ਦਾ ਕੰਮ ਕਰਦਾ ਸੀ, ਜਿਸ ਦੇ ਬਦਲੇ ਉਸ ਨੂੰ ਕੁਝ ਹਿੱਸਾ ਵੀ ਮਿਲਦਾ ਸੀ। ਇਹ ਉਸਦਾ ਪਹਿਲਾ ਮਾਮਲਾ ਸੀ ਕਿ ਉਸਨੇ ਪੁਲਿਸ ਵਾਲੇ ਦੇ ਕਹਿਣ ‘ਤੇ ਕਿਸੇ ਵਿਅਕਤੀ ਤੋਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਪਰ ਸਾਗਰ ਨੇ ਉਕਤ ਕਰਿੰਦੇ ਦੀ ਵੀਡੀਓ ਬਣਾ ਕੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰ ਦਿੱਤੀ।
ਵੀਡੀਓ ‘ਚ ਉਕਤ ਕਰਿੰਦਾ ਪੈਸੇ ਲੈਣ ਤੋਂ ਬਾਅਦ ਟਰੈਫਿਕ ਪੁਲਸ ਦੇ ਐੱਸ.ਆਈ ਪਰਮਜੀਤ ਸਿੰਘ ਦਾ ਨਾਂ ਲੈਣ ਲੱਗਾ ਅਤੇ ਕਹਿ ਰਿਹਾ ਸੀ ਕਿ ਜੇਕਰ ਦੁਬਾਰਾ ਕੋਈ ਕੰਮ ਹੈ ਤਾਂ ਜ਼ਰੂਰ ਦੱਸਣਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਅਕਸ ਨੂੰ ਖ਼ਰਾਬ ਹੁੰਦਾ ਵੇਖ ਉੱਚ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਸਾਗਰ ਦੇ ਬਿਆਨਾਂ ‘ਤੇ ਥਾਣਾ ਰਣਜੀਤ ਐਵੀਨਿਊ ਵਿਖੇ ਐਸ.ਆਈ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਮੰਗਲਵਾਰ ਨੂੰ ਸੀਮਿੰਟ ਵਪਾਰੀ ਸਾਗਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉਸ ਦੇ ਸੀਮਿੰਟ ਨਾਲ ਭਰੇ ਟਰੱਕ ਨੂੰ ਟਰੈਫਿਕ ਪੁਲਿਸ ਦੇ ਐਸਆਈ ਨੇ ਦੁਪਹਿਰ 2 ਵਜੇ ਸਟਾਰ ਬਕਸ ਰਣਜੀਤ ਐਵੀਨਿਊ ਨੇੜੇ ਰੋਕਿਆ। ਸੂਚਨਾ ਮਿਲਣ ‘ਤੇ ਉਹ ਗੱਡੀ ‘ਚ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੀ ਕਾਰ ਦੇ ਪਿਛਲੇ ਪਾਸੇ ਕਾਲੀ ਫਿਲਮ ਦੇਖ ਕੇ ਐੱਸਆਈ ਨੇ 20 ਹਜ਼ਾਰ ਰੁਪਏ ਦਾ ਚਲਾਨ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਕਰਿੰਦਾ ਆਇਆ ਅਤੇ ਕਹਿਣ ਲੱਗਾ ਕਿ ਉਹ ਕੰਮ ਕਰਦਾ ਹੈ ਅਤੇ 3 ਹਜ਼ਾਰ ਰੁਪਏ ਵਿੱਚ ਕੰਮ ਕਰਵਾ ਦੇਵੇਗਾ। ਸਾਗਰ ਨੇ ਉਕਤ ਵਿਅਕਤੀ ਨੂੰ ਕਚਹਿਰੀ ਚੌਕ ਸਥਿਤ ਦਫ਼ਤਰ ਤੋਂ ਪੈਸੇ ਲੈਣ ਲਈ ਕਿਹਾ। ਜਦੋਂ ਉਕਤ ਵਿਅਕਤੀ ਪੈਸੇ ਲੈਣ ਆਇਆ ਤਾਂ ਸਾਗਰ ਨੇ ਉਸ ਦੀ ਚੋਰੀ ਦੀ ਵੀਡੀਓ ਬਣਾ ਲਈ।
ਇਸ ਸੰਬੰਧੀ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ ਨੇ ਕਿਹਾ ਹੈ ਕਿ, “ਆਮ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਵੀ ਟਰੈਫਿਕ, ਥਾਣੇ/ਵਿੰਗ ਵਿੱਚ ਤਾਇਨਾਤ ਕੋਈ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”