ਪੰਜਾਬੀ ਯੂਨੀਵਰਸਿਟੀ ਮਾਲਵੇ ਦਾ ਦਿਲ: ਮੁੱਖ ਮੰਤਰੀ ਭਗਵੰਤ ਮਾਨ

  • ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਰ

ਪਟਿਆਲਾ, 29 ਅਪ੍ਰੈਲ 2023 – “ਪੰਜਾਬੀ ਯੂਨੀਵਰਸਿਟੀ ਮਾਲਵੇ ਦਾ ਦਿਲ ਹੈ। ਪੰਜਾਬੀ ਯੂਨੀਵਰਸਿਟੀ ਦਾ ਜਿ਼ਕਰ ਆਉਂਦਿਆਂ ਹੀ ਮਾਲਵਾ ਵਿਰਾਸਤ ਦੀ ਇੱਕ ਤਸਵੀਰ ਸਾਡੇ ਜਿ਼ਹਨ ਵਿੱਚ ਆ ਜਾਂਦੀ ਹੈ। ਇਹ ਉਹ ਯੂਨੀਵਰਸਿਟੀ ਹੈ ਜਿਸ ਨੇ ਕਲਾ, ਸਾਹਿਤ, ਵਪਾਰ, ਰਾਜਨੀਤੀ, ਧਰਮ ਆਦਿ ਹਰੇਕ ਖੇਤਰ ਵਿੱਚ ਵੱਡੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ।”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਦੇ 62ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗੇ। ਮਹੀਨਾਵਾਰ ਗਰਾਂਟ ਵਿੱਚ ਕੀਤੇ ਵਾਧੇ ਦਾ ਵਿਸ਼ੇਸ਼ ਜਿ਼ਕਰ ਕਰਦਿਆਂ ਉਨ੍ਹਾਂ ਆਪਣੇ ਪੁਰਾਣੇ ਵਚਨਾਂ ਨੂੰ ਮੁੜ ਦ੍ਰਿੜਾਇਆ ਕਿ ਸਿੱਖਿਆ ਨੂੰ ਕਰਜ਼ੇ ਹੇਠ ਨਹੀਂ ਰਹਿਣ ਦਿੱਤਾ ਜਾਵੇਗਾ।

ਉਨ੍ਹਾਂ ਹਮੇਸ਼ਾ ਵਾਂਗ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਗੁਰੂ ਤੇਗ ਬਹਾਦਰ ਹਾਲ ਵਿੱਚ ਨਾਲ ਕਿਸ ਤਰੀਕੇ ਨਾਲ਼ ਭਾਵੁਕ ਤੌਰ ਉੱਤੇ ਜੁੜੇ ਹੋਏ ਹਨ। ਉਨ੍ਹਾਂ ਇਸ ਹਾਲ ਦੇ ਨਵੀਨੀਕਰਨ ਕਰਨ ਬਾਰੇ ਵੀ ਵਾਅਦਾ ਕੀਤਾ ਤਾਂ ਕਿ ਇਸ ਨੂੰ ਆਧੁਨਿਕ ਸਹੂਲਤਾਂ ਨਾਲ਼ ਲੈਸ ਕਰ ਕੇ ਵਿਸ਼ਵ ਪੱਧਰ ਦੀਆਂ ਇਕੱਤਰਤਾਵਾਂ ਦੇ ਯੋਗ ਬਣਾਇਆ ਜਾ ਸਕੇ।

ਇਸ ਮੌਕੇ ਵਿਦਿਆਰਥੀਆਂ ਨੂੰ ਸਿੱਧਾ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਵੱਖ-ਵੱਖ ਪ੍ਰਸੰਗਾਂ ਦੇ ਹਵਾਲੇ ਦੇ ਕੇ ਪ੍ਰੇਰਣਾਦਾਇਕ ਗੱਲਾਂ ਕੀਤੀਆਂ। ਦੇਸੀ ਪੰਜਾਬੀ ਸ਼ਬਦ ‘ਜੁਗਾੜ’ ਦੇ ਹਵਾਲੇ ਨਾਲ਼ ਉਨ੍ਹਾਂ ਕਿਹਾ ਕਿ ਸਾਡੇ ਕੋਲ਼ ਹਰ ਖੇਤਰ ਵਿੱਚ ਲੀਹ ਤੋਂ ਹਟਵੇਂ ਨਵੇਂ ਖਿ਼ਆਲ ਹੁੰਦੇ ਹਨ ਪਰ ਲੋੜ ਹੈ ਕਿ ਉਨ੍ਹਾਂ ਨੂੰ ਸਾਂਭਿਆ ਜਾਵੇ ਅਤੇ ਖਿੱਤੇ ਦੀ ਤਰੱਕੀ ਲਈ ਵਰਤਿਆ ਜਾਵੇ। ਇੱਕ ਹੋਰ ਅਹਿਮ ਟਿੱਪਣੀ ਦੌਰਾਨ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਲਈ ਇੱਕ ਰਨਵੇਅ ਹੈ ਜਿੱਥੋਂ ਉਨ੍ਹਾਂ ਦੇ ਤਰੱਕੀ ਦੇ ਜਹਾਜ਼ ਨੇ ਉਡਾਨ ਭਰਨੀ ਹੈ ਪਰ ਇਹ ਤਦ ਹੀ ਸੰਭਵ ਹੈ ਜੇ ਵਿਦਿਆਰਥੀ ਵੀ ਆਪਣੀ ਮਿਹਨਤ ਕਰਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਇਸ ਮੌਕੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਵਾਰ ਦਾ ਸਥਾਪਨਾ ਦਿਵਸ ਪੰਜਾਬੀ ਯੂਨੀਵਰਸਿਟੀ ਲਈ ਇਸ ਕਾਰਨ ਵਧੇਰੇ ਅਹਿਮ ਹੈ ਕਿਉਂਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਮਹੀਨਾਵਾਰ ਗਰਾਂਟ ਵਿੱਚ ਵਾਧਾ ਕਰ ਕੇ ਇਸ ਦੀ ਕਮਜ਼ੋਰ ਪੈ ਰਹੀ ਨੀਂਹ ਨੂੰ ਮੁੜ ਮਜ਼ਬੂਤ ਕੀਤਾ ਹੈ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਨੇ ਸਾਡੀ ਬਾਂਹ ਫੜ ਲਈ ਹੈ ਤਾਂ ਸਾਡੀ ਜਿ਼ੰਮੇਵਾਰੀ ਵਧ ਗਈ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪ੍ਰਾਪਤੀਆਂ ਕਰ ਕੇ ਆਪਣੇ ਸਮਰੱਥਵਾਨ ਹੋਣ ਦਾ ਸਬੂਤ ਦੇਈਏ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਅਧਿਆਪਨ ਅਤੇ ਖੋਜ ਦੇ ਖੇਤਰ ਨੂੰ ਨਵੇਂ ਮਿਆਰਾਂ ਤੱਕ ਲੈ ਕੇ ਜਾਣ ਲਈ ਕੰਮ ਕਰਨ ਦਾ ਅਹਿਦ ਕਰਨਾ ਹੋਵੇਗਾ ਉੱਥੇ ਹੀ ਵਿਦਿਆਰਥੀਆਂ ਨਾਲ਼ ਜੁੜੀਆਂ ਹੋਰ ਸੇਵਾਵਾਂ ਜਿਵੇਂ ਪ੍ਰੀਖਿਆ ਸ਼ਾਖਾ ਨੂੰ ਤਕਨਾਲੌਜੀ ਦੀ ਮਦਦ ਨਾਲ਼ ਬਿਹਤਰ ਬਣਾਉਣ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਬਿਹਤਰ ਕੰਮ-ਸੱਭਿਆਚਾਰ ਪੈਦਾ ਕਰਨ ਲਈ ਆਪਣੇ ਆਪ ਦੀ ਹੋਰ ਪੜਚੋਲ ਕਰਨੀ ਚਾਹੀਦੀ ਹੈ।

ਇਸ ਮੌਕੇ ਉਨ੍ਹਾਂ ਪਿਛਲੇ ਤਕਰੀਬਨ ਦੋ ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਨਿਵੇਕਲੀਆਂ ਪਹਿਲਕਦਮੀਆਂ ਦਾ ਜਿ਼ਕਰ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿੱਚ ਛੇ ਨਿਵੇਕਲੀ ਕਿਸਮ ਦੇ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦੀ ਸ਼ੁਰਆਤ, ਦੋ ਵਿਸ਼ੇਸ਼ ਕੇਂਦਰਾਂ ਦੀ ਸਥਾਪਨਾ, ਵਾਰਿਸ ਸ਼ਾਹ ਦੇ 300 ਸਾਲਾ ਸਮਾਗਮ, ਭਾਈ ਵੀਰ ਸਿੰਘ ਦੇ 150 ਸਾਲਾ ਸਮਾਗਮ ਅਤੇ 14 ਕਰੋੜ ਰੁਪਏ ਤੱਕ ਦੇ ਭ੍ਰਿਸ਼ਟਾਚਾਰ ਕੇ ਕੇਸ ਨੂੰ ਬੇਪਰਦ ਕਰਨਾ ਆਦਿ ਬਾਰੇ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਬੋਲਿਆ ਗਿਆ।

ਇਸ ਵਾਰ ਦਾ ਸਥਾਪਨਾ ਦਿਵਸ ਭਾਸ਼ਣ ਉੱਘੇ ਲੇਖਕ ਡਾ. ਨਰਿੰਦਰ ਸਿੰਘ ਕਪੂਰ ਵੱਲੋਂ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਡਾ. ਕਪੂਰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਸਥਾਪਨਾ ਦਿਵਸ ਤੋਂ ਇਸ ਨਾਲ਼ ਜੁੜੇ ਹੋਏ ਹਨ। ਉਨ੍ਹਾਂ ਇਸ ਸੰਬੰਧੀ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਣਾ ਪੰਜਾਬ ਦੇ ਇਤਿਹਾਸ ਵਿੱਚ ਵਾਪਰੀ ਇੱਕ ਵੱਡੀ ਘਟਨਾ ਸੀ ਜਿਸ ਨੇ ਵਿਸ਼ੇਸ਼ ਤੌਰ ਉੱਤੇ ਮਾਲਵਾ ਖੇਤਰ ਦੀ ਤਰਜ਼-ਏ-ਜਿ਼ੰਦਗੀ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਸੰਕਲਪ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਉਹ ਥਾਂ ਹੁੰਦੀਆਂ ਹਨ ਜਿੱਥੇ ਸੁਤੰਤਰ ਵਿਚਾਰ ਦੇਣ ਵਾਲੀਆਂ ਸ਼ਖ਼ਸੀਅਤਾਂ ਪੈਦਾ ਹੋਣਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਰਜ ਬਾਖ਼ੂਬੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕਹਿਣਾ ਵੀ ਅਤਿਕਥਨੀ ਨਹੀਂ ਰਹਿ ਗਈ ਹੈ ਕਿ ਇਸ ਯੂਨੀਵਰਸਿਟੀ ਨੇ ਮੁੱਖ ਮੰਤਰੀ ਪੈਦਾ ਕਰ ਵਿਖਾਇਆ ਹੈ।

ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਚੇਤਨ ਸਿੰਘ ਜੌੜੇਮਾਜਰਾ ਅਤੇ ਸ੍ਰ. ਬਲਬੀਰ ਸਿੰਘ ਵੀ ਮੰਚ ਉੱਪਰ ਉਚੇਚੇ ਤੌਰ ਉੱਤੇ ਹਾਜ਼ਰ ਰਹੇ। ਉਨ੍ਹਾਂ ਤੋਂ ਇਲਾਵਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਰਾਜਪੁਰਾ ਵਿਧਾਇਕ ਨੀਨਾ ਮਿੱਤਲ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਆਦਿ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਯੁਵਕ ਭਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਕਲਾਤਮਿਕ ਵੰਨਗੀ ‘ਫ਼ੋਕ ਆਰਕੈਸਟਰਾ’ ਨਾਲ਼ ਹੋਈ। ਸਵਾਗਤੀ ਸ਼ਬਦ ਰਜਿਸਟਰਾਰ ਪ੍ਰੋ. ਨਵਜੋਤ ਕੌਰ ਵੱਲੋਂ ਬੋਲੇ ਗਏ ਅਤੇ ਧੰਨਵਾਦੀ ਭਾਸ਼ਣ ਡੀਨ ਅਕਾਦਮਿਕ ਡਾ. ਅਸ਼ੋਕ ਕੁਮਾਰ ਤਿਵਾੜੀ ਨੇ ਦਿੱਤਾ। ਸਨਾਮਨਿਤ ਸ਼ਖ਼ਸੀਅਤਾਂ ਦਾ ਸਨਮਾਨ ਪੱਤਰ ਪ੍ਰੋ. ਸਤਨਾਮ ਸਿੰਘ ਸੰਧੂ ਵੱਲੋਂ ਪੜ੍ਹਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਯੁਵਕ ਭਲਾਈ ਵਿਭਾਗ ਤੋਂ ਇੰਚਾਰਜ ਡਾ. ਗਗਨ ਥਾਪਾ ਨੇ ਕੀਤਾ।

ਪ੍ਰੋਗਰਾਮ ਦੌਰਾਨ ਪਬਲੀਕੇਸ਼ਨ ਬਿਊਰੋ ਦੀਆਂ ਕੁੱਝ ਕਿਤਾਬਾਂ ਵੀ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਵੱਲੋਂ ਰਿਲੀਜ਼ ਕੀਤੀਆਂ ਗਈਆਂ ਅਤੇ ਕੰਪਿਊਟਰ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਪੰਜਾਬੀ ਦੇ ਤਕਨੀਕੀ ਵਿਕਾਸ ਨਾਲ ਜੁੜਿਆ ਇੱਕ ਸਾਫ਼ਟਵੇਅਰ ਵੀ ਰਿਲੀਜ਼ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ- ਐਡਵੋਕੇਟ ਧਾਮੀ