ਲੁਧਿਆਣਾ, 30 ਅਪ੍ਰੈਲ 2023 – ਲੁਧਿਆਣਾ ਦੀ ਅਦਾਲਤ ਨੇ ਦੋ ਨਸ਼ਾ ਤਸਕਰਾਂ ਨੂੰ ਅਦਾਲਤ ਨੇ 12-12 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਡੇਢ-ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 28 ਅਪ੍ਰੈਲ 2018 ਨੂੰ ਐਸਟੀਐਫ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਮਲਹੋਤਰਾ ਚੌਕ ਮੋਤੀ ਨਗਰ ਨੇੜੇ ਨਾਕਾਬੰਦੀ ਕਰਕੇ ਇੱਕ ਇਨੋਵਾ ਕਾਰ ਨੰਬਰ ਪੀ.ਬੀ.-10-ਡੀ.ਬੀ.-1063 ਨੂੰ ਰੋਕਿਆ।
ਕਾਰ ਗੋਲ ਬਾਜ਼ਾਰ ਤੋਂ ਆ ਰਹੀ ਸੀ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਹੈਰੋਇਨ ਤਸਕਰ ਡਲਿਵਰੀ ਕਰਨ ਜਾ ਰਹੇ ਹਨ। ਪੁਲੀਸ ਨੇ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਹੋਈ। ਦੋਵਾਂ ਨੇ ਕੰਡਕਟਰ ਦੀ ਸੀਟ ਹੇਠਾਂ ਹੈਰੋਇਨ ਛੁਪਾ ਦਿੱਤੀ ਸੀ।
ਮੁਲਜ਼ਮਾਂ ਦੀ ਪਛਾਣ ਕਪਿਲ ਦੇਵ ਵਾਸੀ ਗਲੀ ਨੰਬਰ 14, ਸ਼ਹੀਦ ਭਗਤ ਸਿੰਘ ਨਗਰ ਅਤੇ ਹਰਦੀਪ ਸਿੰਘ ਉਰਫ਼ ਦੀਪਕ ਵਾਸੀ ਗਲੀ ਨੰਬਰ 1, ਇੰਦਰਾਪੁਰੀ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ 28 ਮਈ 2018 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਸ਼ਨੀਵਾਰ ਨੂੰ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਦੋਵਾਂ ਨੂੰ 12-12 ਸਾਲ ਦੀ ਸਜ਼ਾ ਸੁਣਾਈ। ਮੁਲਜ਼ਮ ਹਰਦੀਪ ਕੁਮਾਰ ਉਰਫ਼ ਦੀਪਕ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ।