ਫਿਰੋਜ਼ਪੁਰ, 2 ਮਈ 2023 – ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨ ਨੇ ਇਕ ਵਾਰ ਫਿਰ ਨਾਪਾਕ ਹਰਕਤ ਕੀਤੀ ਹੈ। ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਨੂੰ ਫੜ ਕੇ ਭਾਰਤੀ ਜਵਾਨਾਂ ਨੇ ਉਸ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਇਸ ਮਾਮਲੇ ਵਿੱਚ ਥਾਣਾ ਮਮਦੋਟ ਵਿੱਚ ਕੇਸ ਦਰਜ ਕਰ ਕਰਾਇਆ ਹੈ। ਪੁਲੀਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਸਰਚ ਅਭਿਆਨ ਦੌਰਾਨ ਬੀਐਸਐਫ ਦੀ 182 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਪਿੰਡ ਸੇਂਥਾ ਹਿਠਾੜ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦਾ ਪੈਕੇਟ ਫੜਿਆ ਸੀ। ਪੈਕਟ ਵਿੱਚੋਂ 2.740 ਕਿਲੋ ਹੈਰੋਇਨ ਬਰਾਮਦ ਹੋਈ ਸੀ।
ਥਾਣਾ ਮਮਦੋਟ ਨੂੰ ਦਿੱਤੀ ਸ਼ਿਕਾਇਤ ਵਿੱਚ ਬੀਐਸਐਫ 182 ਬਟਾਲੀਅਨ ਦੇ ਕਮਾਂਡਰ ਮੋਨੂੰ ਨੇ ਦੱਸਿਆ ਹੈ ਕਿ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਭੇਜੀ ਗਈ ਹੈਰੋਇਨ ਦਾ ਇੱਕ ਚਿੱਟੇ ਰੰਗ ਦਾ ਕੱਪੜਾ ਬੰਨ੍ਹਿਆ ਹੋਇਆ ਪੈਕੇਟ ਬਰਾਮਦ ਹੋਇਆ ਹੈ, ਜਿਸ ਵਿੱਚੋਂ 2.740 ਕਿਲੋ ਹੈਰੋਇਨ ਬਰਾਮਦ ਹੋਈ ਹੈ। ਥਾਣਾ ਮਮਦੋਟ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਦੀ ਸ਼ਿਕਾਇਤ ’ਤੇ ਹੈਰੋਇਨ ਬਰਾਮਦਗੀ ਦੇ ਮਾਮਲੇ ’ਚ ਅਣਪਛਾਤੇ ਹੈਰੋਇਨ ਸਮੱਗਲਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।