ਲੁਧਿਆਣਾ, 4 ਮਈ, 2023: ਗੋਵਿੰਦ ਗੋਧਾਮ ਟਰੱਸਟ ਅਤੇ ਵਰਿੰਦਾਵਨ ਅਤੇ ਭਗਵਾਨ ਜਗਨਨਾਥ ਰਥ ਯਾਤਰਾ ਮਹੋਤਸਵ ਕਮੇਟੀ ਨੇ ਸਾਂਝੇ ਤੌਰ ‘ਤੇ ‘ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਪੀੜਤ ਮਨੁੱਖਤਾ, ਕੈਂਸਰ ਦੇ ਮਰੀਜ਼ਾਂ ਅਤੇ ਗਊਆਂ ਦੀ ਭਲਾਈ ਲਈ ਨਿਰਸਵਾਰਥ ਭਾਵਨਾ ਨਾਲ ਕੀਤੇ ਜਾ ਰਹੇ ਸ਼ਲਾਘਾਯੋਗ ਕੰਮ ਲਈ ਬੀਤੀ ਦੇਰ ਸ਼ਾਮ ਇੱਥੇ ਆਯੋਜਿਤ ‘ਗੈੱਟ-ਟੂਗੈਦਰ ਪਾਰਟੀ’ ਵਿੱਚ ‘ਗੋਰਕਸ਼ਕ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਅਰੋੜਾ ਨੇ ਸ਼੍ਰੀ ਗੋਵਿੰਦ ਗੋਧਾਮ ਟਰੱਸਟ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਟਰੱਸਟ ਵੱਲੋਂ ਦਹਾਕਿਆਂ ਤੋਂ ਸ਼ਹਿਰ ਵਿੱਚ ਸਫਲਤਾਪੂਰਵਕ ‘ਗਊਸ਼ਾਲਾ’ ਚਲਾ ਕੇ ਗਊਆਂ ਦੀ ਸੰਭਾਲ ਅਤੇ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਲਈ ਟ੍ਰਸ੍ਟ ਦੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਗਊਸ਼ਾਲਾ ਦੀ ਮਹੱਤਤਾ ਅਤੇ ਲੋੜ ਬਾਰੇ ਵੀ ਦੱਸਿਆ।
ਅਰੋੜਾ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਹਿਲੀ ‘ਗਊਸ਼ਾਲਾ’ ਵੀ ਪੰਜਾਬੀਆਂ ਵੱਲੋਂ 1882 ਵਿੱਚ ਸਥਾਪਿਤ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਪਗ ਅਜਿਹੀਆਂ ‘ਗਊਸ਼ਾਲਾਵਾਂ’ ਪੱਛਮੀ ਬੰਗਾਲ, ਮਹਾਰਾਸ਼ਟਰ, ਚੇਨਈ, ਰਾਜਸਥਾਨ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ। ਉਨ੍ਹਾਂ ਰਾਜਸਥਾਨ ਦੇ ਪਿੰਡ ਪਥਮੇਡਾ ਵਿੱਚ ਚਲਾਈ ਜਾ ਰਹੀ ਗਊਸ਼ਾਲਾ ਬਾਰੇ ਦੱਸਦਿਆਂ ਕਿਹਾ ਕਿ ਇਹ ਗਊਸ਼ਾਲਾ ਦੁਨੀਆਂ ਦੀ ਸਭ ਤੋਂ ਵੱਡੀ ਹੈ, ਜਿਸ ਵਿੱਚ 85 ਹਜ਼ਾਰ ਗਊਆਂ ਹਨ। ਉਨ੍ਹਾਂ ਦੱਸਿਆ ਕਿ ਗੋਵਿੰਦ ਗੋਧਾਮ ਟਰੱਸਟ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ 1800 ਦੇ ਕਰੀਬ ਗਊਆਂ ਹਨ, ਜੋ ਕਿ ਕੋਈ ਛੋਟਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਗਊਆਂ ਦੀ ਸੰਭਾਲ ਅਤੇ ਭਲਾਈ ਕਰਨਾ ਇੱਕ ਨੇਕ ਕਾਰਜ ਹੈ।
ਉਨ੍ਹਾਂ ਹਰ ਸਾਲ ਸ਼ਹਿਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ ਕੱਢਣ ਲਈ ਵਰਿੰਦਾਵਨ ਅਤੇ ਭਗਵਾਨ ਜਗਨਨਾਥ ਰਥ ਯਾਤਰਾ ਮਹੋਤਸਵ ਕਮੇਟੀ ਦੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ। ਇਹ ਦੱਸਦੇ ਹੋਏ ਕਿ ਅਜਿਹੇ ਸਮਾਗਮ ਲੋਕਾਂ ਨੂੰ ਅਧਿਆਤਮਿਕਤਾ ਦੇ ਨੇੜੇ ਲਿਆਉਣ ਵਿੱਚ ਸਹਾਈ ਹੁੰਦੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਪਿਛਲੇ 26 ਸਾਲਾਂ ਤੋਂ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਖਾਸ ਕਰਕੇ ਅਜੋਕੇ ਦੌਰ ਵਿੱਚ ਬਹੁਤ ਮਹੱਤਵ ਹੈ ਜਦੋਂ ਲੋਕ ਹੋਰ ਵੀ ਪਦਾਰਥਵਾਦੀ ਹੋ ਰਹੇ ਹਨ।
ਅਰੋੜਾ ਨੇ ਕਿਹਾ ਕਿ ਉਹ ਸਿਆਸਤਦਾਨ ਨਹੀਂ ਹਨ ਜਿਵੇਂ ਕਿ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਇਹ ਗਲਤ ਧਾਰਨਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਸਮਾਜ ਲਈ ਕੰਮ ਕਰਨ ਦਾ ਇਕ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ, ਸੂਬੇ ਅਤੇ ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸ਼ਹਿਰ ਅਤੇ ਸੂਬੇ ਦੀ ਭਲਾਈ, ਬੇਹਤਰੀ ਅਤੇ ਵਿਕਾਸ ਲਈ ਸਾਰੇ ਸਬੰਧਤਾਂ ਤੱਕ ਪਹੁੰਚ ਕਰ ਰਹੇ ਹਨ।
ਉਨ੍ਹਾਂ ਨੇ ਹਲਵਾਰਾ ਏਅਰਪੋਰਟ, ਲੁਧਿਆਣਾ ਸਿਟੀ ਰੇਲਵੇ ਸਟੇਸ਼ਨ, ਐਲੀਵੇਟਿਡ ਰੋਡ ਪ੍ਰੋਜੈਕਟ, ਫੋਕਲ ਪੁਆਇੰਟ ਦੀਆਂ ਸੜਕਾਂ ਅਤੇ ਉਦਯੋਗ ਨਾਲ ਜੁੜੇ ਹੋਰ ਕਈ ਮੁੱਦਿਆਂ ਵਰਗੇ ਪ੍ਰੋਜੈਕਟਾਂ ਨੂੰ ਅੱਗੇ ਲਿਜਾਣ ਲਈ ਆਪਣੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਵਾਰਾ ਏਅਰਪੋਰਟ ਅਤੇ ਐਲੀਵੇਟਿਡ ਰੋਡ ਪ੍ਰਾਜੈਕਟ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਮੁਕੰਮਲ ਕਰਕੇ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇੰਡਸਟਰੀ ‘ਤੇ ਵਾਟਰ ਚਾਰਜਿਜ਼ ਸਮੇਤ ਕਈ ਮੁੱਦਿਆਂ ‘ਤੇ ਅਜੇ ਵੀ ਕੰਮ ਕਰ ਰਹੇ ਹਨ। ਉਹ ਹਰ ਮਸਲੇ ਨੂੰ ਬਾਕਾਇਦਾ ਅਤੇ ਇਮਾਨਦਾਰੀ ਨਾਲ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।
ਸੁਖਦਰਸ਼ਨ ਜੈਨ ਭੋਲਾ, ਐਮ.ਡੀ, ਹੋਟਲ ਮਹਾਰਾਜਾ ਰੀਜੈਂਸੀ ਅਤੇ ਹੋਰਨਾਂ ਵੱਲੋਂ ‘ਦੋਸ਼ਾਲਾ’ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਣ ਵਾਲਿਆਂ ਵਿਚ ਐਡਵੋਕੇਟ ਸੰਜੀਵ ਸੂਦ ਬਾਂਕਾ, ਸਤੀਸ਼ ਢਾਂਡਾ, ਰਾਜੇਸ਼ ਜੈਨ ਬੌਬੀ, ਵਰਿੰਦਰ ਸ਼ਰਮਾ ਬੌਬੀ, ਸਤੀਸ਼ ਗੁਪਤਾ, ਸੋਮਨਾਥ ਜਿੰਦਲ, ਮਦਨ ਗੋਇਲ, ਦਰਸ਼ਨ ਲਾਲ ਲੱਡੂ, ਟੀਐਸ ਥਾਪਰ, ਅਸ਼ੋਕ ਧੀਰ, ਰਜਿੰਦਰ ਛਾਬੜਾ ਅਤੇ ਵਿਵੇਕ ਸ਼ਰਮਾ ਟਿੱਕੂ ਆਦਿ ਸ਼ਾਮਲ ਸਨ। ਇਸ ਮੌਕੇ ਸੀਨੀਅਰ ਪੱਤਰਕਾਰ ਅਸ਼ਵਨੀ ਜੋਸ਼ੀ ਦਾ ਸਨਮਾਨ ਵੀ ਕੀਤਾ ਗਿਆ।