- ਚੈਂਪੀਅਨਸ਼ਿਪ ‘ਚ 8 ਦੇਸ਼ਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਗੁਰਦਾਸਪੁਰ, 6 ਮਈ 2023 – ਦੁਬਈ ‘ਚ 8 ਦੇਸ਼ਾਂ ਵਿਚਾਲੇ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ‘ਚ ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਚੀਨ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਨਮਦੀਪ ਸਿੰਘ ਇਸ ਸਮੇਂ 5ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਅਤੇ ਰੋਜ਼ਾਨਾ 2 ਘੰਟੇ ਕਰਾਟੇ ਸਿੱਖਦਾ ਹੈ। ਉਸ ਦਾ ਉਦੇਸ਼ ਸਖ਼ਤ ਮਿਹਨਤ ਕਰਨਾ ਅਤੇ ਓਲੰਪਿਕ ਵਿੱਚ ਖੇਡ ਕੇ ਦੇਸ਼ ਲਈ ਸੋਨ ਤਮਗਾ ਲਿਆਉਣਾ ਹੈ।
ਵਿਸ਼ੇਸ਼ ਗੱਲਬਾਤ ਦੌਰਾਨ ਸਨਮਦੀਪ ਸਿੰਘ ਨੇ ਦੱਸਿਆ ਕਿ ਉਹ 5ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਦੁਬਈ ਵਿੱਚ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਤਰਫੋਂ ਭਾਗ ਲਿਆ ਸੀ। ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਲਗਭਗ 8 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਗੇਮ ਵਿੱਚ ਹਰੇਕ ਲੜਾਈ ਦੇ 3 ਦੌਰ ਹੁੰਦੇ ਹਨ। ਮੇਰਾ ਮੁਕਾਬਲਾ ਚੀਨ ਦੇ ਫਾਈਟਰ ਨਾਲ ਕਰਵਾਇਆ ਗਿਆ ਸੀ।
ਸਨਮਦੀਪ ਅਨੁਸਾਰ ਉਸ ਨੇ ਪਹਿਲੇ ਦੌਰ ਵਿੱਚ ਚੀਨੀ ਖਿਡਾਰੀ ਨੂੰ ਹਰਾ ਕੇ ਤਮਗਾ ਜਿੱਤਿਆ। ਉਸਦੀ ਸਭ ਤੋਂ ਪਸੰਦੀਦਾ ਮੂਵ ਫੇਸ ਕਿੱਕ ਹੈ, ਇਸੇ ਲਈ ਉਸਨੇ ਲੜਾਈ ਵਿੱਚ ਇਸ ਕਿੱਕ ਦੀ ਜ਼ਿਆਦਾ ਵਰਤੋਂ ਕੀਤੀ। ਸਨਮਦੀਪ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਦਵਿੰਦਰ ਸਿੰਘ ਤੋਂ ਇਲਾਵਾ ਮਾਪਿਆਂ ਅਤੇ ਸਕੂਲ ਮੈਨੇਜਮੈਂਟ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਨਮਦੀਪ ਨੇ ਦੱਸਿਆ ਕਿ ਉਹ ਰੋਜ਼ਾਨਾ 2 ਘੰਟੇ ਕਰਾਟੇ ਦਾ ਅਭਿਆਸ ਕਰਦਾ ਹੈ। ਉਸ ਦਾ ਉਦੇਸ਼ ਸਖ਼ਤ ਮਿਹਨਤ ਕਰਨਾ, ਓਲੰਪਿਕ ਵਿੱਚ ਖੇਡਣਾ ਅਤੇ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਸਨਮਦੀਪ ਸਿੰਘ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ, ਜਦਕਿ ਸਨਮਦੀਪ ਗੁਰਦਾਸਪੁਰ ਵਿੱਚ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਹੈ।
ਇਸ ਮੌਕੇ ਉਨ੍ਹਾਂ ਦੇ ਦਾਦਾ ਨਰਿੰਦਰ ਸਿੰਘ ਮਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਮਨਦੀਪ ਸਿੰਘ ਨੇ ਵੀ ਖੇਡਾਂ ਵਿੱਚ ਬਹੁਤ ਨਾਮ ਕਮਾਇਆ ਹੈ। ਹੁਣ ਉਸ ਦੇ ਪੋਤਰੇ ਸਨਮਦੀਪ ਸਿੰਘ, ਜੋ ਕਿ 9 ਸਾਲ ਦਾ ਹੈ, ਨੇ ਵੀ ਦੁਬਈ ਵਿੱਚ ਕਰਾਟੇ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤ ਕੇ ਸਕੂਲ, ਦੇਸ਼, ਪਰਿਵਾਰ ਅਤੇ ਆਪਣਾ ਨਾਂ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਖੇਡਾਂ ਵਿੱਚ ਮੈਡਲ ਹਾਸਲ ਕਰਨਾ ਬਹੁਤ ਔਖਾ ਕੰਮ ਹੈ। ਕਿਉਂਕਿ ਵਿਦੇਸ਼ੀ ਧਰਤੀ ‘ਤੇ ਖੇਡ ਖੇਡਣ ਲਈ ਮਨੋਬਲ ਅਤੇ ਆਤਮ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਸਨਮਦੀਪ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣੇ ਵਿਰੋਧੀ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ। ਹੁਣ ਅਸੀਂ ਉਸ ਨੂੰ ਹੋਰ ਸਖ਼ਤ ਮਿਹਨਤ ਕਰਾਵਾਂਗੇ ਤਾਂ ਜੋ ਉਹ ਓਲੰਪਿਕ ਖੇਡ ਸਕੇ।