ਫਰੀਦਕੋਟ, 9 ਮਈ 2023 – ਫਰੀਦਕੋਟ ਦੇ ਗੋਲੇਵਾਲਾ ਬੇਅਦਬੀ ਕਾਂਡ ਦੇ ਦੋਸ਼ੀ ਵਿੱਕੀ ਮਸੀਹ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਸ-ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਫਰੀਦਕੋਟ ਮਾਡਰਨ ਜੇਲ ‘ਚ ਤਬਦੀਲ ਕਰ ਦਿੱਤਾ ਹੈ। ਮੁਲਜ਼ਮ ਨੇ ਪੁਲੀਸ ਹਿਰਾਸਤ ਵਿੱਚ ਗਲੇ ਵਿੱਚ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਘਟਨਾਕ੍ਰਮ ਅਨੁਸਾਰ ਬੇਅਦਬੀ ਦੀ ਘਟਨਾ 23 ਅਪ੍ਰੈਲ 2023 ਨੂੰ ਕਸਬਾ ਗੋਲੇਵਾਲਾ ਵਿਖੇ ਵਾਪਰੀ ਸੀ, ਇਸ ਘਟਨਾ ‘ਚ ਵਿੱਕੀ ਮਸੀਹ ਅਤੇ ਰੂਪ ਨੂੰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਤੋਂ ਮਿਲੀ ਲੀਡ ਦੇ ਆਧਾਰ ‘ਤੇ ਗਿ੍ਫ਼ਤਾਰ ਕੀਤਾ ਸੀ ਅਤੇ ਘਟਨਾ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਵਿੱਕੀ ਮਸੀਹ ਅਤੇ ਰੂਪ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਪਰ ਪੁਲਿਸ ਰਿਮਾਂਡ ਦੇ ਦੂਜੇ ਦਿਨ ਪੁਲਿਸ ਲਾਕਅੱਪ ‘ਚ ਦੋਸ਼ੀ ਵਿੱਕੀ ਮਸੀਹ ਨੇ ਆਪਣੇ ਗਲੇ ‘ਚ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ‘ਚ ਸੁਧਾਰ ਹੋਣ ‘ਤੇ ਪੁਲਸ-ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ ਦੋਸ਼ੀ ਨੂੰ ਫਰੀਦਕੋਟ ਮਾਡਰਨ ਜੇਲ ‘ਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਰੂਪ ਅਤੇ ਵਿੱਕੀ ਮਸੀਹ ਨੂੰ ਅਦਾਲਤ ਨੇ 28 ਅਪ੍ਰੈਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਜਿਸ ਤਹਿਤ ਰੂਪ ਨੂੰ ਤੁਰੰਤ ਜੇਲ ਭੇਜ ਦਿੱਤਾ ਗਿਆ ਪਰ ਵਿੱਕੀ ਮਸੀਹ ਜ਼ਖਮੀ ਹੋਣ ਕਾਰਨ ਹਸਪਤਾਲ ‘ਚ ਦਾਖਲ ਰਿਹਾ।