ਚੰਡੀਗੜ੍ਹ, 10 ਮਈ 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਪੰਜਾਬ ਸਿੱਖਿਆ ਵਿਭਾਗ ਦੇ ਪੰਜ ਮੁਲਾਜ਼ਮਾਂ ਨੂੰ 2007 ਵਿੱਚ ਈ.ਟੀ.ਟੀ./ਜੇ.ਬੀ.ਟੀ./ਟੀਚਿੰਗ ਫੈਲੋਜ਼ ਦੀਆਂ ਲਗਭਗ 9998 ਅਸਾਮੀਆਂ ਦੀ ਪੰਜਾਬ ਪੱਧਰ ਉਤੇ ਭਰਤੀ ਕਰਨ ਸਬੰਧੀ ਸਰਕਾਰੀ ਰਿਕਾਰਡ ਵਿੱਚ ਬੇਨਿਯਮੀਆਂ ਅਤੇ ਗੜਬੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਦੀ ਸਮਰੱਥ ਅਦਾਲਤ ਵੱਲੋਂ ਵਿਜੀਲੈਂਸ ਬਿਊਰੋ ਨੂੰ ਇਨ੍ਹਾਂ ਦੋਸ਼ੀਆਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ।
ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ, ਉੱਡਣ ਦਸਤਾ-1, ਪੰਜਾਬ, ਮੁਹਾਲੀ ਵਿਖੇ ਐਫ.ਆਈ.ਆਰ. ਨੰਬਰ 18, ਮਿਤੀ 08-05-2023 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 (13) (1) (ਏ), 13 (2) ਤਹਿਤ ਦਰਜ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਸ਼ਾਮਲ ਮੁਲਜਮਾਂ, ਜ਼ਿਲ੍ਹਾ ਸਿੱਖਿਆ ਦਫ਼ਤਰ (ਡੀ.ਈ.ਓ.) ਐਲੀਮੈਂਟਰੀ, ਲੁਧਿਆਣਾ ਦੇ ਕਰਮਚਾਰੀ ਮਨਜੀਤ ਸਿੰਘ ਜੂਨੀਅਰ ਸਹਾਇਕ, ਮਹਿੰਦਰ ਸਿੰਘ ਸੀਨੀਅਰ ਸਹਾਇਕ, (ਦੋਵੇਂ ਸੇਵਾਮੁਕਤ) ਅਤੇ ਡੀ.ਈ.ਓ. (ਐਲੀਮੈਂਟਰੀ), ਗੁਰਦਾਸਪੁਰ ਦੇ ਧਰਮਪਾਲ, ਸੀਨੀਅਰ ਸਹਾਇਕ, ਨਰਿੰਦਰ ਕੁਮਾਰ, ਜੂਨੀਅਰ ਸਹਾਇਕ, ਅਤੇ ਮਿਤਰ ਵਾਸੂ, ਸੀਨੀਅਰ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਉਹਨਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਇਹ ਮੁਲਾਜ਼ਮ ਵੱਖ-ਵੱਖ ਸਮਿਆਂ ’ਤੇ ਡੀ.ਈ.ਓ (ਐਲੀਮੈਂਟਰੀ) ਲੁਧਿਆਣਾ ਅਤੇ ਗੁਰਦਾਸਪੁਰ ਵਿਖੇ ਤਾਇਨਾਤ ਰਹੇ ਸਨ ਅਤੇ ਸਾਲ 2007 ਵਿੱਚ ਈ.ਟੀ.ਟੀ./ਜੇ.ਬੀ.ਟੀ./ਟੀਚਿੰਗ ਫੈਲੋਜ਼ ਦੀਆਂ ਪੰਹਾਬ ਪੱਧਰ ਉਤੇ ਲਗਭਗ 9998 ਅਸਾਮੀਆਂ ਲਈ ਬਿਨੈ ਕਰਨ ਵਾਲੇ ਹਜਾਰਾਂ ਉਮੀਦਵਾਰਾਂ ਦਾ ਭਰਤੀ ਰਿਕਾਰਡ, ਜਿਵੇਂ ਚੈੱਕ ਲਿਸਟਾਂ, ਮੈਰਿਟ ਸੂਚੀਆਂ, ਪੜਤਾਲ ਸੂਚੀਆਂ, ਤਜ਼ਰਬੇ ਸਬੰਧੀ ਸਰਟੀਫਿਕੇਟ, ਉਮੀਦਵਾਰਾਂ ਦੀ ਅੰਤਿਮ ਚੋਣ/ਮੈਰਿਟ ਆਦਿ ਰਿਕਾਰਡ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਸਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ, ਇਸ ਰਿਕਾਰਡ ਨੂੰ ਸੁਰੱਖਿਅਤ ਰੱਖਣ ਵਿੱਚ ਬੇਨਿਯਮੀਆਂ ਕੀਤੀਆਂ ਤੇ ਗੜਬੜੀ ਕੀਤੀ ਹੈ।
ਉਹਨਾਂ ਕਿਹਾ ਕਿ ਚੁਣੇ ਗਏ ਕਈ ਉਮੀਦਵਾਰਾਂ ਵੱਲੋਂ ਤਜ਼ਰਬੇ ਦੇ ਜਾਅਲੀ ਸਰਟੀਫਿਕੇਟਾਂ ਸਮੇਤ ਹੋਰ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਸਬੰਧੀ ਸ਼ਿਕਾਇਤਾਂ ਸਾਹਮਣੇ ਆਉਣ ਉਪਰੰਤ, ਉਕਤ ਦੋਸ਼ੀ ਆਪਣੇ ਅਧੀਨ ਸੁਰੱਖਿਅਤ ਰੱਖੇ ਲੋੜੀਂਦੇ ਰਿਕਾਰਡ ਨੂੰ ਇਸ ਮੰਤਵ ਲਈ ਨਿਯੁਕਤ ਕੀਤੀ ਗਈ ਵਿਭਾਗੀ ਕਮੇਟੀ ਜਾਂ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰਨ ਵਿੱਚ ਅਸਫਲ ਰਹੇ। ਇਸ ਮਾਮਲੇ ’ਚ ਪੁੱਛ-ਗਿੱਛ ਮੁਕੰਮਲ ਹੋਣ ’ਤੇ ਇਨ੍ਹਾਂ ਦੋਸ਼ੀ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਚੋਣ ਪ੍ਰਕਿਰਿਆ ਦੌਰਾਨ ਤਾਇਨਾਤ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਵੀ ਕਾਨੂੰਨ ਅਨੁਸਾਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।