ਅੰਮ੍ਰਿਤਸਰ, 11 ਮਈ 2023 – ਅੰਮ੍ਰਿਤਸਰ ‘ਚ ਕਣਕ ਦੀ ਨਾੜ ਨੂੰ ਲਾਈ ਹੋਈ ਅੱਗ ਨੇ ਬਜ਼ੁਰਗ ਦੀ ਜਾਨ ਲੈ ਲਈ। ਜਦੋਂ ਬਜ਼ੁਰਗ ਮੋਟਰਸਾਈਕਲ ਸਵਾਰ ਸੜਕ ‘ਤੇ ਜਾ ਰਿਹਾ ਸੀ ਤਾਂ ਨਾੜ ਲਾਈ ਹੋਈ ਅੱਗ ਕਾਰਨ ਧੂੰਏਂ ਦੇ ਦਰਮਿਆਨ ਉਹ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠਾ ਅਤੇ ਅੱਗ ਵਾਲੇ ਖੇਤ ਵਿੱਚ ਜਾ ਡਿੱਗਾ। ਕਣਕ ਦੀ ਨਾੜ ਵਿਚ ਬਜ਼ੁਰਗ ਜ਼ਿੰਦਾ ਸੜ ਗਿਆ। ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੇ ਲੋਪੋਕੇ ਦੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਪਰਾਲੀ ਦੇ ਧੂੰਏਂ ਕਾਰਨ ਉਹ ਮੋਟਰਸਾਈਕਲ ‘ਤੇ ਕੰਟਰੋਲ ਗੁਆ ਬੈਠਾ।
ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਫਿਸਲ ਗਿਆ ਅਤੇ ਫਿਰ ਜਿਸ ਖੇਤ ਨੂੰ ਅੱਗ ਲਾਈ ਹੋਈ ਸੀ ਉਸ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਦਾ ਬਚਾਅ ਕਰਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਥਾਣਾ ਲੋਪੋਕੇ ਦੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਖੇਤ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਟੀਮ ਖੇਤ ਦੇ ਮਾਲਕ ਦੀ ਪਛਾਣ ਕਰ ਰਹੀ ਹੈ। ਖੇਤ ਦੇ ਮਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 427, 188 ਦੇ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।