- ਮਾਲਕਾਂ ਨੇ ਟੀਮ ਨੂੰ ਘੇਰਿਆ
- ਮੌਕਾ ਦੇਖ ਕੇ ਅਧਿਕਾਰੀ ਖਿਸਕ ਗਏ
ਲੁਧਿਆਣਾ, 11 ਮਈ 2023 – ਲੁਧਿਆਣਾ ਵਿੱਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਬੱਸ ਸਟੈਂਡ ਦੇ ਕਰੀਬ 10 ਹੋਟਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੇਗੀ। ਇਨ੍ਹਾਂ ਹੋਟਲਾਂ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਇਹ ਹੋਟਲ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ।
ਕਰੀਬ 10 ਹੋਟਲ ਮਾਲਕਾਂ ਦੇ ਵਿਰੋਧ ਵਿਚਾਲੇ ਨਿਗਮ ਅਧਿਕਾਰੀਆਂ ਨੇ ਜਵਾਹਰ ਨਗਰ ਕੈਂਪ ਇਲਾਕੇ ਦੇ ਹੋਟਲਾਂ ਨੂੰ ਤਾਲੇ ਲਾ ਦਿੱਤੇ।
ਹੋਟਲ ਮਾਲਕਾਂ ਤੇ ਉਨ੍ਹਾਂ ਦੇ ਮੁਲਾਜ਼ਮਾਂ ਨੇ ਵੀ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਕੁਝ ਲੋਕਾਂ ਨੇ ਨਿਗਮ ਦੇ ਅਧਿਕਾਰੀ ਨੂੰ ਘੇਰ ਲਿਆ। ਪੁਲਿਸ ਫੋਰਸ ਦੀ ਮਦਦ ਨਾਲ ਅਧਿਕਾਰੀ ਨੂੰ ਲੋਕਾਂ ਤੋਂ ਛੁਡਵਾਇਆ ਗਿਆ। ਇਸ ਤੋਂ ਬਾਅਦ ਉਹ ਮੌਕਾ ਦੇਖ ਕੇ ਉਥੋਂ ਖਿਸਕ ਗਏ।
ਇਸ ਮਾਮਲੇ ਦੀ 17 ਮਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਨਗਰ ਨਿਗਮ ਨੂੰ ਜਵਾਬ ਦਾਖ਼ਲ ਕਰਨਾ ਹੋਵੇਗਾ ਕਿ ਅਧਿਕਾਰੀਆਂ ਨੇ ਇਨ੍ਹਾਂ ਹੋਟਲਾਂ ਨੂੰ ਸੀਲ ਕੀਤਾ ਹੈ ਜਾਂ ਨਹੀਂ। ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਉਮਾ ਸ਼ੰਕਰ ਨੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੂੰ ਪੱਤਰ ਲਿਖ ਕੇ 105 ਇਮਾਰਤਾਂ ਦੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਇਹ ਹੋਟਲ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰ ਕੇ ਬਣਾਏ ਗਏ ਸਨ, ਜਿਸ ਕਾਰਨ ਪੁਲਸ ਫੋਰਸ ਦੀ ਮੌਜੂਦਗੀ ‘ਚ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਾਜਾਇਜ਼ ਹੋਟਲਾਂ ਖ਼ਿਲਾਫ਼ ਹਾਲ ਹੀ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ। ਇਸ ਤੋਂ ਬਾਅਦ ਵਿਭਾਗ ਨੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਆਦਾਤਰ ਹੋਟਲ ਮਾਲਕ ਪਾਰਕਿੰਗ ਲਈ ਢੁੱਕਵੀਂ ਥਾਂ ਛੱਡਣ ਵਿਚ ਅਸਫਲ ਰਹੇ ਹਨ ਜਾਂ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦਿਵਾਉਣ ਵਿਚ ਅਸਫਲ ਰਹੇ ਹਨ। ਪਹਿਲਾਂ ਵੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਾਂਨਗਰ ਵਿੱਚ ਨਾਜਾਇਜ਼ ਇਮਾਰਤਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਇਮਾਰਤਾਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਦੀ ਮਨਜ਼ੂਰੀ ਲੈਣ। ਬਿਲਡਿੰਗ ਨਿਯਮਾਂ ਅਨੁਸਾਰ ਬਿਲਡਿੰਗਾਂ ਦੀ ਉਸਾਰੀ ਕਰੋ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੇ ਬੱਸ ਸਟੈਂਡ ‘ਤੇ ਹੋਟਲ ਨੂੰ ਸੀਲ ਕਰ ਰਹੇ ਅਧਿਕਾਰੀਆਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਮੌਜੂਦਗੀ ਕਾਰਨ ਉਹ ਉਨ੍ਹਾਂ ਨੂੰ ਰੋਕ ਨਹੀਂ ਸਕੇ। ਹਾਲਾਂਕਿ ਇਲਾਕੇ ‘ਚ ਹੋਟਲ ਮਾਲਕਾਂ ਦੇ ਵਧਦੇ ਵਿਰੋਧ ਕਾਰਨ 10 ਹੋਟਲਾਂ ‘ਤੇ ਕਾਰਵਾਈ ਨੂੰ ਫਿਲਹਾਲ ਰੋਕਣਾ ਪਿਆ ਹੈ। ਅੱਜ ਫਿਰ ਪੁਲੀਸ ਫੋਰਸ ਦੀ ਮਦਦ ਨਾਲ ਹੋਰ ਹੋਟਲਾਂ ਨੂੰ ਵੀ ਸੀਲ ਕਰ ਦਿੱਤਾ ਜਾਵੇਗਾ।