- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਸੰਭਾਵੀ ਗੈਸ ਲੀਕ ਮਾਮਲੇ ਦੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ
- ਡਿਪਟੀ ਕਮਿਸ਼ਨਰ ਨੇ ਸਕੂਲਾਂ ਨੂੰ ਮੌਕੇ ਉਤੇ ਖਾਲੀ ਕਰਵਾਇਆ
- ਸੰਭਾਵੀ ਨੰਗਲ ਗੈਸ ਲੀਕ ਪ੍ਰਭਾਵਿਤ ਹੋਏ ਸਾਰੇ ਬੱਚੇ ਖਤਰੇ ਤੋਂ ਬਾਹਰ: ਸਿਵਲ ਸਰਜਨ
- ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ ਤੇ ਮੋਜੂਦ, ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ
ਨੰਗਲ 11 ਮਈ ,2023 – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਿਆ ਨੰਗਲ ਵਿਖੇ ਸੈਂਟ ਸੋਲਜਰ ਡੀਵਾਇਨ ਪਬਲਿਕ ਸਕੂਲ ਨਜ਼ਦੀਕ ਕਿਸੇ ਉਦਯੋਗਿਕ ਇਕਾਈ ਵਿਚ ਹੋਈ ਸੰਭਾਵੀ ਗੈਸ ਲੀਕ ਨਾਲ ਪ੍ਰਭਾਵਿਤ ਹੋਏ ਬੱਚਿਆਂ ਨੂੰ ਜਾ ਕੇ ਮਿਲੇ ਅਤੇ ਹਾਲ-ਚਾਲ ਪੁੱਛਿਆ।
ਨਿਆ ਨੰਗਲ ਵਿਖੇ ਕਿਸੇ ਉਦਯੋਗਿਕ ਇਕਾਈ ਤੋਂ ਸੰਭਾਵੀ ਗੈਸ ਲੀਕ ਹੋਣ ਦੇ ਮਾਮਲੇ ਦਾ ਪਤਾ ਲੱਗਣ ਉਪਰੰਤ ਸਿੱਖਿਆ ਮੰਤਰੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਉੱਚ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਸੈਂਟ ਸੋਲਜਰ ਸਕੂਲ ਦੇ 2684 ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਕੱਢ ਕੇ ਘਰ ਭੇਜਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸਾਹ ਦੀ ਤਕਲੀਫ਼ ਤੋਂ ਪ੍ਰਭਾਵਿਤ ਬੱਚੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਅਤੇ ਖਤਰੇ ਤੋ ਬਾਹਰ ਹਨ, ਸਰਕਾਰੀ ਹਸਪਤਾਲ ਤੋਂ ਬੱਚੇ ਸਿਹਤਯਾਬ ਹੋਕੇ ਘਰ ਜਾ ਰਹੇ ਹਨ ਹੁਣ ਕੇਵਲ 6 ਬੱਚੇ ਹਸਪਤਾਲ ਵਿਚ ਹਨ ਜਿਨ੍ਹਾਂ ਨੂੰ ਜਲਦ ਛੁੱਟੀ ਦੇ ਦਿੱਤੀ ਜਾਵੇਗੀ। ਇਕ ਬੱਚੇ ਨੂੰ ਪੀ ਜੀ ਆਈ ਚੰਡੀਗੜ੍ਹ ਭੇਜਿਆ ਗਿਆ ਹੈ ਜਿਸ ਦੀ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ ਜੋ ਕਿ ਮਾਪਿਆਂ ਅਨੁਸਾਰ ਪਹਿਲਾਂ ਹੀ ਬਿਮਾਰ ਚੱਲ ਰਹੀ ਸੀ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲੀ ਤਾਂ ਐਸ ਐਮ ਓ ਨੰਗਲ ਨਰੇਸ਼ ਕੁਮਾਰ ਐਂਬੂਲੈਂਸ ਸਮੇਤ ਸਕੂਲ ਪਹੁੰਚੇ ਅਤੇ ਬੱਚਿਆਂ ਦੀ ਜਾਂਚ ਸ਼ੁਰੂ ਕੀਤੀ ਜਿਸ ਨਾਲ ਸਥਿਤੀ ਨੂੰ ਅਸੀਂ ਚੰਗੀ ਤਰਾਂ ਸਮਝ ਕੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਮੇ ਉੱਤੇ ਹਸਪਤਾਲ ਪਹੁੰਚਾਇਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਘਟਨਾ ਵਾਲੇ ਮੌਕੇ ਉੱਤੇ ਜਾ ਕੇ ਇਲਾਜ ਸੇਵਾਵਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਇਲਾਕੇ ਦੇ ਸਾਰੇ ਸਕੂਲ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਉਨ੍ਹਾਂ ਨਿਜੀ ਤੌਰ ਉਤੇ ਜਾ ਕੇ ਸਕੂਲ ਚੈੱਕ ਕੀਤੇ ਗਏ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਘਰਾਂ ਵਿੱਚ ਯਕੀਨੀ ਭੇਜਿਆ ਜਾਵੇ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਰੇਸ਼ ਕੁਮਾਰ ਨੇ ਮਾਪਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਦਾਖਲ ਸਾਰੇ ਬੱਚੇ ਸੁਰੱਖਿਅਤ ਹਨ। ਹਸਪਤਾਲ ਵਿਚ ਐਂਬੂਲੈਸ ਅਤੇ ਸਿਹਤ ਸਹੂਲਤਾਂ ਦੇ ਪੁਖਤਾ ਪ੍ਰਬੰਧ ਹਨ ਜਿਸ ਦੀ ਨਿਗਰਾਨੀ ਕੈਬਨਿਟ ਮੰਤਰੀ ਹਰਜੋਤ ਬੈਂਸ ਖੁਦ ਕਰ ਰਹੇ ਹਨ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਐੱਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਗੈਸ ਜਾ ਬਦਬੂ ਨਹੀਂ ਹੈ ਅਤੇ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਦਾ ਕੀ ਕਾਰਣ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੜਤਾਲ ਉਪਰੰਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਮੌਜੂਦ ਹਨ ਅਤੇ ਮਾਮਲੇ ਦੀ ਹਰ ਪਹਿਲੂ ਉੱਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਘਟਨਾ ਦਾ ਸਹੀ ਕਾਰਣ ਪਤਾ ਚਲ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਅਫਵਾਹ ਉਤੇ ਵਿਸ਼ਵਾਸ਼ ਨਾ ਕਰਨ ਅਤੇ ਇਲਾਕੇ ਵਿਚ ਘਟਨਾ ਤੋਂ ਬਾਅਦ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਸ ਮੌਕੇ ਘਟਨਾ ਦੀ ਸਥਿਤੀ ਨੂੰ ਕਾਬੂ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਨੇ ਅਧਿਕਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ ਅਤੇ ਜਿਨ੍ਹਾਂ ਸਥਿਤੀ ਨੂੰ ਮੁਸਤੈਦੀ ਨਾਲ ਕਾਬੂ ਕੀਤਾ ਗਿਆ।
ਇਸ ਮੌਕੇ ਐਸ ਐਸ ਪੀ ਵਿਵੇਕ ਐਸ ਸੋਨੀ, ਐਸ.ਡੀ.ਐਮ ਮਨੀਸ਼ਾ ਰਾਣਾ, ਡੀ.ਐਸ.ਪੀ ਅਜੇ ਸਿੰਘ ਸਮੇਤ ਸੀਨੀਅਰ ਅਧਿਕਾਰੀ ਮੌਕੇ ਉਤੇ ਹਾਜ਼ਰ ਸਨ।
