ਗੁਜਰਾਤ, 16 ਮਈ 2023 – ਗੁਜਰਾਤ ਦੇ ਨਵਸਾਰੀ ਜ਼ਿਲੇ ਦੇ ਲਿਲੀਆ ‘ਚ ਰਹਿਣ ਵਾਲੇ ਇਕ ਨੌਜਵਾਨ ਦੀ ਐਤਵਾਰ ਸ਼ਾਮ ਹਾਰਟ ਅਟੈਕ ਕਾਰਨ ਮੌਤ ਹੋ ਗਈ। ਜਦੋਂ ਅਗਲੇ ਦਿਨ ਪਤਨੀ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੋਮਵਾਰ ਸਵੇਰੇ ਦੋਵਾਂ ਦੀਆਂ ਅਰਥੀਆਂ ਇਕੱਠੀਆਂ ਉੱਠੀਆਂ। ਦੋਵਾਂ ਨੇ ਕਰੀਬ 6 ਮਹੀਨੇ ਪਹਿਲਾਂ ਲਵ ਮੈਰਿਜ ਕੀਤੀ ਸੀ।
ਲੀਲੀਆ ਪਿੰਡ ਵਾਸੀ ਧਵਲ ਵਿਨੂਭਾਈ ਰਾਠੌੜ (25) ਐਤਵਾਰ ਦੁਪਹਿਰ ਨੂੰ ਆਪਣੇ ਖੇਤ ਗਿਆ ਸੀ। ਸ਼ਾਮ ਨੂੰ ਇੱਥੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਛਾਤੀ ਵਿੱਚ ਤੇਜ਼ ਦਰਦ ਹੋਣ ਲੱਗਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਰਾਤ ਭਰ ਧਵਲ ਦੀ ਮੌਤ ਦਾ ਮਾਮਲਾ ਉਸ ਦੀ ਪਤਨੀ ਪ੍ਰਿੰਸੀ ਤੋਂ ਛੁਪਾ ਕੇ ਰੱਖਿਆ। ਉਨ੍ਹਾਂ ਨੂੰ ਸਿਰਫ਼ ਇਹ ਦੱਸਿਆ ਗਿਆ ਕਿ ਧਵਲ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਰ ਜਦੋਂ ਅੱਜ ਸਵੇਰੇ ਧਵਲ ਦੀ ਲਾਸ਼ ਘਰ ਲਿਆਂਦੀ ਗਈ ਤਾਂ ਪ੍ਰਿੰਸੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਫਾਹਾ ਲੈ ਲਿਆ। ਜਦੋਂ ਪਰਿਵਾਰ ਵਾਲੇ ਕਿਸੇ ਤਰ੍ਹਾਂ ਕਮਰੇ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਪ੍ਰਿੰਸੀ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ।
ਕਰੀਬ ਦੋ ਸਾਲ ਪਹਿਲਾਂ ਧਵਲ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ। ਧਵਲ ਦੀ ਮਾਂ ਨੇ ਉਸ ਨੂੰ ਕਿਡਨੀ ਦਾਨ ਕੀਤੀ, ਜਿਸ ਨਾਲ ਧਵਲ ਦੀ ਜਾਨ ਬਚ ਗਈ। ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।