ਚੰਡੀਗੜ੍ਹ, 19 ਮਈ 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਬੀਰ ਕੁਮਾਰ ਬਿਰਦੀ, ਜੁਆਇੰਟ ਡਾਇਰੈਕਟਰ, ਜੀਐਸਟੀ, ਆਬਕਾਰੀ ਵਿਭਾਗ ਵਾਸੀ ਲੰਮਾ ਪਿੰਡ, ਜਲੰਧਰ ਵਿਰੁੱਧ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਉਸ ਨੇ ਸਰਕਾਰੀ ਅਧਿਕਾਰੀ ਵਜੋਂ ਭ੍ਰਿਸ਼ਟਾਚਾਰ ਨਾਲ ਇਹ ਜਾਇਦਾਦ ਬਣਾਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੇ 01.04.2007 ਤੋਂ 11.09.2020 ਤੱਕ ਦੇ ਜਾਂਚ ਸਮੇਂ ਦੌਰਾਨ ਕੁੱਲ 5,12,51,688.37 ਰੁਪਏ ਖਰਚ ਕੀਤੇ ਜਦੋਂ ਕਿ ਸਾਰੇ ਸਰੋਤਾਂ ਤੋਂ ਉਸਦੀ ਅਸਲ ਆਮਦਨ 2,08,84,863.37 ਰੁਪਏ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਅਧਿਕਾਰੀ ਨੇ ਇਸ ਸਮੇਂ ਦੌਰਾਨ ਆਪਣੀ ਅਸਲ ਆਮਦਨ ਤੋਂ 3,03,66,825 ਰੁਪਏ ਵੱਧ ਖਰਚ ਕੀਤੇ ਜੋ ਕਿ ਉਸਦੀ ਕੁੱਲ ਆਮਦਨ ਤੋਂ ਲਗਭਗ 145.40 ਫੀਸਦੀ ਵੱਧ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਆਬਕਾਰੀ ਵਿਭਾਗ ਦੇ ਉਕਤ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ) ਅਤੇ 13(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਬਲਬੀਰ ਕੁਮਾਰ ਵਿਰਦੀ ਅਤੇ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਕੁਝ ਟਰਾਂਸਪੋਰਟਰਾਂ ਅਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਜੀ.ਐਸ.ਟੀ. ਉਗਰਾਹੀ ਵਿੱਚ ਘਪਲਾ ਕੀਤਾ ਸੀ।
ਇਸ ਸਬੰਧੀ 21.08.2020 ਨੂੰ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਫਲਾਇੰਗ ਸਕੁਐਡ-1, ਐਸ.ਏ.ਐਸ.ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਬਲਬੀਰ ਕੁਮਾਰ ਬਿਰਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਬਿਊਰੋ ਨਾਲ ਜਾਂਚ ਵਿੱਚ ਸ਼ਾਮਲ ਹੋਇਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।