ਮਲੇਰਕੋਟਲਾ, 20 ਮਈ 2023 – ਲੰਘੀ 10 ਮਈ ਨੂੰ ਸਥਾਨਕ ਧੂਰੀ ਰੋਡ ‘ਤੇ ਪਿੰਡ ਰਟੋਲਾਂ ਨੇੜੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ ਇੱਕ ਟਾਟਾ ਗੱਡੀ ਦੇ ਕਡੰਕਟਰ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਨੇ ਦੋ ਕਥਿਤ ਕਾਤਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨ੍ਹਾਂ ਦੀ ਸ਼ਨਾਖਤ ਮੁਹੰਮ ਰਫੀ ਪੁੱਤਰ ਤਾਜ ਮੁਹੰਮਦ ਵਾਸੀ ਸਦਰਾਬਾਦ ਥਾਣਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਅਤੇ ਮੇਜਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਈਸਾਪੁਰ ਲੰਡਾ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਵੱਜੋਂ ਹੋਈ ਹੈ।
ਜਗਦੀਸ਼ ਬਿਸਨੋਈ ਕਪਤਾਨ ਪੁਲਿਸ ਇੰਨਵੈਸਟੀਗ੍ਰੇਸ਼ਨ ਮਲੇਰਕੋਟਲਾ ਨੇ 19 ਮਈ ਨੂੰ ਬਾਅਦ ਦੁਪਹਿਰ ਜ਼ਿਲ੍ਹਾ ਪੁਲਿਸ ਹੈਡ-ਕੁਆਰਟਰ ਦੇ ਕਾਨਫਰੰਸ ਹਾਲ ‘ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਹਿਸਾਰ ਤੋਂ ਚਾਹ ਪੱਤੀ ਲੋਡ ਕਰਕੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਖੇ ਗੱਡੀ ਖਾਲੀ ਕਰਨ ਉਪਰੰਤ ਡਰਾਇਵਰ ਕਵਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਧਮਰਤਾ ਥਾਣਾ ਸਦਰ ਟੋਹਾਣਾ ਜ਼ਿਲ੍ਹਾ ਫਤਿਹਾਬਾਦ ਅਤੇ ਕਡੰਕਟਰ ਮਹਿੰਦਰ ਸ਼ਰਮਾ ਪੁੱਤਰ ਮੇਘ ਰਾਜ ਵਾਸੀ ਓਕਲਾਣਾ ਮੰਡੀ ਜ਼ਿਲ੍ਹਾ ਹਿਸਾਰ (ਹਰਿਆਣਾ) ਜਦੋਂ ਵਾਪਸ ਹਿਸਾਰ ਨੂੰ ਜਾ ਰਹੇ ਸਨ ਤਾਂ ਸਥਾਨਕ ਧੂਰੀ ਰੋਡ ‘ਤੇ ਪਿੰਡ ਰਟੋਲਾ ਨੇੜੇ ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਮੁਹੰਮਦ ਰਫੀ ਅਤੇ ਮੇਜਰ ਸਿੰਘ ਨੇ ਲੁੱਟ-ਖੋਹ ਦੀ ਨੀਅਤ ਨਾਲ ਆਪਣਾ ਮੋਟਰਸਾਇਕਲ ਉਨ੍ਹਾਂ ਦੀ ਗੱਡੀ ਅੱਗੇ ਲਗਾ ਕੇ ਘੇਰਦਿਆਂ ਤੇਜ਼ਧਾਰ ਹਥਿਆਰ ਚਾਕੂ ਦੀ ਨੋਕ ‘ਤੇ ਖੋਹ ਕਰਨ ਦੀ ਨਾਕਾਮ ਕੋਸ਼ਿਸ ਕਰਦਿਆਂ ਹੋਈ ਹੱਥੋਪਾਈ ਦੌਰਾਨ ਹਮਲਾਵਰਾਂ ਨੇ ਗੱਡੀ ਦੇ ਕਡੰਕਟਰ ਮਹਿੰਦਰ ਸ਼ਰਮਾ ਦੇ ਮੱਥੇ ਅਤੇ ਪੇਟ ‘ਚ ਚਾਕੂ ਮਾਰ ਦਿੱਤਾ ਸੀ। ਗੰਭੀਰ ਜ਼ਖਮੀ ਹੋਏ ਮਹਿੰਦਰ ਸ਼ਰਮਾਂ ਦੀ ਸਥਾਨਕ ਸਿਵਲ ਹਸਪਤਾਲ ਪੁੱਜ ਕੇ ਮੌਤ ਹੋ ਗਈ ਸੀ। ਦੋਸ਼ੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।
ਬਿਸ਼ਨੋਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪਕ ਹਿਲੇਰੀ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੀਆਂ ਹਦਾਇਤਾਂ ਮੁਤਾਬਕ ਘਟਨਾਂ ਉਪਰੰਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰਣਜੀਤ ਸਿੰਘ ਉਪ ਕਪਤਾਨ ਪੁਲਿਸ (ਸਪੈਸ਼ਲ) ਬ੍ਰਾਂਚ ਮਲੇਰਕੋਟਲਾ ਦੀ ਜ਼ੇਰ ਨਿਗਰਾਨੀ ਹੇਠ ਹਰਸਿਮਰਨਜੀਤ ਸਿੰਘ ਮੁੱਖ ਅਫਸਰ ਥਾਣਾ ਅਮਰਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਸਹਾਇਕ ਥਾਣੇਦਾਰ ਗੁਰਮੁਖ ਸਿੰਘ ਇੰਚਾਰਜ ਚੌਂਕੀ ਹਿੰਮਤਾਨਾ ‘ਤੇ ਅਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਨੇ ਪੂਰੀ ਮੁਸ਼ਤੈਦੀ ਨਾਲ ਕੰਮ ਕਰਦਿਆਂ ਅੱਜ ਦੋਵੇਂ ਦੋਸ਼ੀਆਂ ਮੁਹੰਮਦ ਰਫੀ ਪੁੱਤਰ ਤਾਜ ਮੁਹੰਮਦ ਵਾਸੀ ਸਦਰਾਬਾਦ ਥਾਣਾ ਅਮਰਗੜ੍ਹ ਅਤੇ ਮੇਜਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਈਸਾਪੁਰ ਲੰਡਾ ਥਾਣਾ ਸਦਰ ਧੂਰੀ ਨੂੰ ਮੁਕਦਮੇ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆ ਪਾਸੋਂ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਟਰੱਕਾਂ ਨੂੰ ਘੇਰ ਕੇ ਉਹਨਾਂ ਦੇ ਡਰਾਇਵਰਾਂ ਕੰਡਕਟਰਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਪੈਸਿਆਂ ਦੀ ਲੁੱਟ-ਖੋਹ ਕਰਦੇ ਸਨ। ਇਨ੍ਹਾਂ ਦੋਵਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਲੰਘੀ 10 ਮਈ ਨੂੰ ਵੀ ਇਸੇ ਤਰਾਂ ਇਨ੍ਹਾਂ ਨੇ ਹਿਸਾਰ (ਹਰਿਆਣਾ) ਦੇ ਟਰੱਕ ਨੂੰ ਘੇਰ ਕੇ ਡਰਾਇਵਰ ਕੰਡਕਟਰ ਪਾਸੋਂ ਪੈਸਿਆ ਦੀ ਮੰਗ ਕੀਤੀ ਸੀ ਪ੍ਰੰਤੂ ਕੰਡਕਟਰ ਵੱਲੋਂ ਵਿਰੋਧ ਕਰਨ ‘ਤੇ ਉਸਦੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਦੋਸੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।