-ਡੇਢ ਦਰਜਨ ਬੱਚੀਆਂ ਟੀਮ ਇੰਡੀਆ ‘ਚ ਜਾਣ ਦਾ ਨਿਸ਼ਾਨਾ ਮਿੱਥਕੇ ਰੋਜ਼ਾਨਾ 4 ਕਿਲੋਮੀਟਰ ਦੌੜਕੇ 4-4 ਘੰਟੇ ਕਰ ਰਹੀਆਂ ਹਨ ਪ੍ਰੈਟਿਕਸ
ਨਾਭਾ/ਪਟਿਆਲਾ, 23 ਮਈ 2023 – ਨਾਭਾ ਦੇ ਪਿੰਡ ਧਾਰੋਂਕੀ ਦੀਆਂ ਲੜਕੀਆਂ ਕ੍ਰਿਕਟ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਲਈ ਤਿਆਰੀ ਖਿੱਚ ਰਹੀਆਂ ਹਨ। ਇਨ੍ਹਾਂ ਬੱਚੀਆਂ ਨੂੰ ਪੰਜਾਬ ਪੁਲਿਸ ਵਿੱਚ ਸੇਵਾ ਕਰ ਰਹੇ ਗੁਲਾਬ ਸਿੰਘ ਸ਼ੇਰਗਿੱਲ ਨੇ ਕ੍ਰਿਕਟ ਖੇਡ ਦੀਆਂ ਬਾਰੀਕੀਆਂ ਸਿਖਾਉਣ ਦਾ ਬੀੜਾ ਉਠਾਇਆ ਹੋਇਆ ਹੈ। ਧਾਰੋਂਕੀ ਦੀ ਕੁੜੀਆਂ ਲਈ ਖੋਲ੍ਹੀ ਕ੍ਰਿਕਟ ਅਕੈਡਮੀ ਨੂੰ ਨਿਯੂ ਯਾਰਕ ਟਾਈਮਜ਼ ਅਖ਼ਬਾਰ ਨੇ ਵੀ ਆਪਣੀਆਂ ਸੁਰਖੀਆਂ ਵਿੱਚ ਜਗ੍ਹਾ ਦਿੱਤੀ ਹੈ।
ਇਸ ਗੱਲ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ, ”ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਵਿੱਚ ਖਿਡਾਰੀਆਂ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ, ਉਥੇ ਹੀ ਉਨ੍ਹਾਂ ਦੇ ਹਲਕੇ ਦੇ ਪਿੰਡ ਧਾਰੋਂਕੀ ਵਿਖੇ ਲੜਕੀਆਂ ਨੂੰ ਕ੍ਰਿਕਟ ਦੀ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।”
ਦੇਵ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਬੱਚੀਆਂ ਜਰੂਰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਕ੍ਰਿਕਟ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਚਮਕਾਉਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਵੀ ਵੱਡੀ ਗੱਲ ਹੈ ਕਿ ਕ੍ਰਿਕਟ ਖੇਡਣ ਵਾਲੀਆਂ ਇਨ੍ਹਾਂ ਬੱਚੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੀਡੀਆ ਵਿੱਚ ਪ੍ਰਸਿੱਧੀ ਮਿਲੀ ਹੈ।
ਇਸੇ ਦੌਰਾਨ ਗੁਲਾਬ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਕੁੜੀਆਂ ਦਾ ਕ੍ਰਿਕਟ ਖੇਡ ਵਿੱਚ ਭਵਿੱਖ ਉਜਵਲ ਹੈ ਅਤੇ ਇਹ ਬਹੁਤ ਜਲਦ ਇਸ ਖੇਡ ਦੀਆਂ ਬਾਰੀਕੀਆਂ ਸਿੱਖ ਕੇ ਅੱਗੇ ਆ ਰਹੀਆਂ ਹਨ। ਉਸਨੇ ਦੱਸਿਆ ਕਿ ਕੋਵਿਡ ਸਮੇਂ ਸਕੂਲ ਬੰਦ ਹੋਣ ਮੌਕੇ ਉਸਨੇ ਆਪਣੀ 6 ਸਾਲਾ ਧੀ ਹਰਸਿਮਰਤ ਅਤੇ ਦੋ ਹੋਰ ਬੱਚੀਆਂ ਨੂੰ ਘਰ ਦੀ ਛੱਤ ‘ਤੇ ਬਾਲ ਦੀ ਟਾਸ ਕਰਨੀ ਸਿਖਾ ਕੇ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ ਤੇ ਇੱਥੇ ਹੁਣ ਪਿੰਡ ਧਾਰੋਂਕੀ ਤੇ ਭੜੋ ਦੀਆਂ 9 ਤੋਂ 14 ਸਾਲਾਂ ਦੀਆਂ ਡੇਢ ਦਰਜਨ ਬੱਚੀਆਂ ਕ੍ਰਿਕਟ ਖੇਡਣਾ ਸਿੱਖ ਰਹੀਆਂ ਹਨ।
ਕ੍ਰਿਕਟ ਖੇਡ ਵਿੱਚ ਟੀਮ ਇੰਡੀਆ ਨੂੰ ਆਪਣਾ ਨਿਸ਼ਾਨਾ ਮੰਨ ਚੁੱਕੀਆਂ ਇਹ ਬੱਚੀਆਂ ਰੋਜ਼ਾਨਾ 4 ਕਿਲੋਮੀਟਰ ਦੌੜਦੀਆਂ ਹਨ ਤੇ 4-4 ਘੰਟੇ ਕ੍ਰਿਕਟ ਦਾ ਅਭਿਆਸ ਕਰਦੀਆਂ ਹਨ। ਧਾਰੋਂਕੀ ਦੇ ਖੇਤਾਂ ਵਿੱਚ ਖੋਲ੍ਹੀ ਗੁਲਾਬ ਸਿੰਘ ਸ਼ੇਰਗਿੱਲ ਇਲੈਵਨ ਅਕੈਡਮੀ ਦੀਆਂ ਇਹ ਮਿਹਨਤਕਸ਼ ਬੱਚੀਆਂ ਦੱਸਦੀਆਂ ਹਨ ਕਿ ਉਹ ਅੰਡਰ 14, ਅੰਡਰ 17 ਕ੍ਰਿਕਟ ਖੇਡ ਕੇ ਅੱਗੇ ਭਾਰਤੀ ਟੀਮ ਵਿੱਚ ਜਾਣਾ ਚਾਹੁੰਦੀਆਂ ਹਨ। ਇਨ੍ਹਾਂ ਬੱਚੀਆਂ ਦਾ ਕਹਿਣਾ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਹਰਮਨਪ੍ਰੀਤ ਕੌਰ ਉਨ੍ਹਾਂ ਦਾ ਆਦਰਸ਼ ਹਨ ਤੇ ਉਹ ਖ਼ੁਦ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਕੇ ਅਤੇ ਇੱਕ ਦਿਨ ਇਸ ਦੀ ਕਪਤਾਨੀ ਕਰਨ ਦਾ ਜਜ਼ਬਾ ਵੀ ਰੱਖਦੀਆਂ ਹਨ। ਇੱਥੇ ਕ੍ਰਿਕਟ ਸਿੱਖਦੀਆਂ 6 ਸਾਲਾ ਅਮਨ, ਨੈਨਾ, ਸੁਨੈਨਾ, ਹਰਗੁਨ, ਅਮਨ, ਗਗਨ ਸਮੇਤ ਹੋਰ ਬੱਚੀਆਂ ਪੀ.ਸੀ.ਏ. ਮੋਹਾਲੀ ਵੱਡੇ ਲੀਗ ਮੈਚ ਦੇਖਣ ਵੀ ਗਈਆਂ ਹਨ ਤੇ ਵੱਡੇ ਕ੍ਰਿਕਟ ਸਟਾਰ ਉਨ੍ਹਾਂ ਨੂੰ ਮਿਲਕੇ ਖੁਸ਼ ਹੁੰਦੇ ਹਨ।
ਗੁਲਾਬ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਬੱਚੀਆਂ ਅੰਡਰ 15 ਪਟਿਆਲਾ ਟੀਮ ਤੇ ਅੰਡਰ 17 ‘ਚ ਵੀ ਚੁਣੀਆਂ ਗਈਆਂ ਹਨ ਅਤੇ ਪੀ.ਸੀ.ਏ. ਦੇ ਵਿਕਰਮ ਸਿੰਘ ਸਿੱਧੂ ਨੇ ਇਨ੍ਹਾਂ ਬੱਚੀਆਂ ਦੀ ਬਹੁਤ ਮਦਦ ਕੀਤੀ ਹੈ ਜਦਕਿ ਕ੍ਰਿਕਟਰ ਅਰਸ਼ਦੀਪ ਸਿੰਘ ਨੇ ਇਨ੍ਹਾਂ ਬੱਚੀਆਂ ਨੂੰ ਉਤਸ਼ਾਹਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸਦਾ ਮਨ ਸੀ ਕਿ ਉਹ ਵੀ ਕ੍ਰਿਕਟਰ ਬਣੇ ਪਰੰਤੂ ਉਸਦਾ ਜਨਮ ਦੁਬਾਰਾ ਤਾਂ ਹੋ ਨਹੀਂ ਸੀ ਸਕਦਾ ਪਰੰਤੂ ਉਸਦੇ ਪੈਸ਼ਨ ਨੂੰ ਇਹ ਬੱਚੀਆਂ ਸਾਕਾਰ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਕ੍ਰਿਕਟਰ ਮੁਨਾਫ਼ ਪਟੇਲ ਦੇ ਪਿੰਡ ਤੋਂ ਕ੍ਰਿਕਟ ਅਕੈਡਮੀ ਦੀ ਚਿਣਗ ਆਪਣੇ ਪਿੰਡ ਲੈ ਕੇ ਆਏ ਹਨ।