ਮੋਹਾਲੀ, 24 ਮਈ 2023 – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ PSEB 12ਵੀਂ ਦਾ ਨਤੀਜਾ 2023 ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਵੈੱਬਸਾਈਟ pseb.ac.in ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜੇ ਵਿੱਚ ਧੀਆਂ ਨੇ ਬਾਜ਼ੀ ਮਾਰੀ ਹੈ ਅਤੇ ਪਹਿਲੇ 3 ਸਥਾਨਾਂ ‘ਤੇ ਕਬਜ਼ਾ ਕੀਤਾ ਹੈ।
ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਮਾਨਸਾ ਸਕੂਲ ਦੀ ਸੁਜਾਨ ਕੌਰ ਨੇ 500/500 ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਟਾਪ ਕੀਤਾ ਹੈ। ਜਦੋਂ ਕਿ ਐਮਐਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ 498/99.60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚਐਮ 150 ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ ਦੀ ਨਵਪ੍ਰੀਤ ਕੌਰ 497/500 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ।
ਇਸ ਸਾਲ ਕੁੱਲ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 92.47 ਹੈ। ਜਿਹੜੇ ਵਿਦਿਆਰਥੀ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 2023 ਲਈ ਬੈਠੇ ਸਨ, ਉਹ ਲਿੰਕ ਐਕਟੀਵੇਟ ਹੋਣ ‘ਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਪੰਜਾਬ ਬੋਰਡ 12ਵੀਂ ਦਾ ਨਤੀਜਾ 2023 ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ ਆਪਣੇ ਸਕੋਰ ਦੀ ਜਾਂਚ ਕਰਨ ਲਈ ਆਪਣਾ ਰੋਲ ਨੰਬਰ ਅਤੇ ਨਾਮ ਦਰਜ ਕਰਨ ਦੀ ਲੋੜ ਹੁੰਦੀ ਹੈ।