ਨਵੀਂ ਦਿੱਲੀ, 25 ਮਈ 2023 – ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੀ ਦੇਰ ਰਾਤ ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ‘ਚ ਬੰਦ ਸੀ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਜੇਲ੍ਹ ‘ਚ ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਗੈਂਗਵਾਰ ਦੇ ਖ਼ਤਰੇ ਦੇ ਮੱਦੇਨਜ਼ਰ ਲਾਰੈਂਸ ਬਿਸ਼ਨੋਈ ਨੂੰ ਸਭ ਤੋਂ ਸੁਰੱਖਿਅਤ ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਸ਼ਿਫਟ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਸਾਜ਼ਿਸ਼ਕਰਤਾ ‘ਚੋਂ ਇੱਕ ਹੈ ਅਤੇ ਉਸ ਨੂੰ ਪੰਜਾਬ ਪੁਲਸ ਨੇ ਦਿੱਲੀ ਦੀ ਤਿਹਾੜ ਜੇਲ੍ਹ ‘ਚੋਂ ਰਿਮਾਂਡ ‘ਤੇ ਲਿਆਂਦਾ ਸੀ। ਕੁੱਝ ਮਹੀਨੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਮੁੜ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੋਂ ਪਿਛਲੇ ਦਿਨੀਂ ਉਸ ਨੂੰ ਗੁਜਰਾਤ ਪੁਲਸ ਰਿਮਾਂਡ ‘ਤੇ ਲੈ ਕੇ ਗਈ ਸੀ।
ਸੂਤਰਾਂ ਮੁਤਾਬਕ ਹੁਣ ਲਾਰੈਂਸ ਬਿਸ਼ਨੋਈ ਨੂੰ ਹਾਈ ਸਕਿਓਰਿਟੀ ਵਾਰਡ ਦੇ ਸੈੱਲ ਨੰਬਰ 15 ਵਿੱਚ ਰੱਖਿਆ ਗਿਆ ਹੈ। ਲਾਰੈਂਸ ਬਿਸ਼ਨੋਈ ਨੂੰ ਕਰੀਬ 12.30 ਵਜੇ ਗੁਜਰਾਤ ਤੋਂ ਦਿੱਲੀ ਹਵਾਈ ਅੱਡੇ ‘ਤੇ ਪੂਰੀ ਸੁਰੱਖਿਆ ਨਾਲ ਲਿਆਂਦਾ ਗਿਆ ਅਤੇ ਬੁਲੇਟਪਰੂਫ ਗੱਡੀ ‘ਚ ਬਿਠਾ ਜੇਲ੍ਹ ‘ਚ ਲਿਆਂਦਾ ਗਿਆ।