- ਪਤਨੀ ਲੈਣਾ ਚਾਹੁੰਦੀ ਸੀ ਤਲਾਕ
- ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਹੈ ਵਾਰਦਾਤ
ਚੰਡੀਗੜ੍ਹ, 27 ਮਈ 2023 – ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਤੀ-ਪਤਨੀ ਕਰੀਬ 6 ਮਹੀਨਿਆਂ ਤੋਂ ਵੱਖ-ਵੱਖ ਰਹਿ ਰਹੇ ਸਨ। ਔਰਤ ਤਲਾਕ ਲੈਣਾ ਚਾਹੁੰਦੀ ਸੀ। ਮ੍ਰਿਤਕ ਪਤਨੀ ਆਪਣੇ ਮੁਲਜ਼ਮ ਪਤਨੀ ਨਾਲ ਗੱਲ ਕਰਨ ਲਈ ਹੀ ਪਾਰਕ ਪਹੁੰਚੀ ਸੀ ਪਰ ਪਾਰਕ ਵਿੱਚ ਹੀ ਮੁਲਜ਼ਮ ਨੇ ਆਪਣੀ ਪਤਨੀ ‘ਤੇ ਹਮਲਾ ਕਰਕੇ ਉਸ ਨੂੰ ਚਾਕੂ ਮਾਰ ਦਿੱਤਾ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ।
ਪੀਲ ਰੀਜਨਲ ਪੁਲਿਸ ਨੇ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਇੱਕ ਪਾਰਕ ਵਿੱਚ 43 ਸਾਲਾ ਦਵਿੰਦਰ ਕੌਰ ਦੀ ਹੱਤਿਆ ਦੇ ਦੋਸ਼ ਵਿੱਚ ਨਵ ਨਿਸ਼ਾਨ ਸਿੰਘ (44) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਨਵ ਨਿਸ਼ਾਨ ‘ਤੇ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ।
ਘਟਨਾ ਬੀਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਵਾਪਰੀ। ਪੁਲਿਸ ਨੂੰ ਚੈਰੀ-ਟ੍ਰੀ ਡਰਾਈਵ ਅਤੇ ਸਪੈਰੋ ਕੋਰਟ ਖੇਤਰ ਵਿੱਚ ਸਪੈਰੋ ਪਾਰਕ ਵਿੱਚ ਵਾਪਰੀ ਇਸ ਘਟਨਾ ਦੀ ਖਬਰ ਮਿਲੀ ਸੀ। ਪੁਲੀਸ ਨੂੰ ਦਵਿੰਦਰ ਕੌਰ ਨੂੰ ਫੁੱਟਪਾਥ ’ਤੇ ਜ਼ਖ਼ਮੀ ਹਾਲਤ ਵਿੱਚ ਮਿਲੀ ਸੀ। ਉਸ ‘ਤੇ ਚਾਕੂਆਂ ਨਾਲ ਬੁਰੀ ਤਰ੍ਹਾਂ ਵਾਰ ਕੀਤਾ ਗਿਆ ਸੀ। ਪੁਲਿਸ ਅਤੇ ਪੈਰਾਮੈਡਿਕਸ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ, ਪਰ ਫੁੱਟਪਾਥ ‘ਤੇ ਹੀ ਔਰਤ ਦੀ ਮੌਤ ਹੋ ਗਈ।
ਪੁਲੀਸ ਨੇ ਮੌਕੇ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਨਵ ਨਿਸ਼ਾਨ ਸਿੰਘ ਨੂੰ ਕਾਬੂ ਕਰ ਲਿਆ। ਜਾਂਚ ‘ਚ ਪਤਾ ਲੱਗਾ ਕਿ ਦੋਵੇਂ ਪਤੀ-ਪਤਨੀ ਸਨ ਅਤੇ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ। ਨਵ ਨਿਸ਼ਾਨ ਸਿੰਘ ਅਤੇ ਦਵਿੰਦਰ ਕੌਰ ਵਿਚਕਾਰ ਲੰਮੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ‘ਤੇ ਦੋਸ਼ ਲਾਉਂਦੇ ਸਨ ਅਤੇ 6 ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਜਿਸ ਤੋਂ ਬਾਅਦ ਦਵਿੰਦਰ ਕੌਰ ਵੀ ਤਲਾਕ ਲੈਣ ਲਈ ਤਿਆਰ ਹੋ ਗਈ।
ਉਹ ਤਲਾਕ ਦੇ ਸਿਲਸਿਲੇ ‘ਚ ਨਵ ਨਿਸ਼ਾਨ ਨਾਲ ਗੱਲ ਕਰਨ ਆਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਤਕਰਾਰ ਹੋ ਗਈ। ਵੀਡੀਓ ‘ਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਨਵ ਨਿਸ਼ਾਨ ਉਸ ਨੂੰ ਪੁਲਿਸ ਕੋਲ ਜਾਣ ਬਾਰੇ ਰੋਕ ਰਿਹਾ ਹੈ ਅਤੇ ਕਿਸੇ ਹੋਰ ਦੇ ਪ੍ਰਭਾਵ ਹੇਠ ਉਸ ਨਾਲ ਗੱਲ ਨਾ ਕਰਨ ਦੀ ਗੱਲ ਵੀ ਕਰ ਰਿਹਾ ਹੈ। ਪੁਲਿਸ ਨੇ ਵੀਡੀਓ ਵੀ ਕਬਜ਼ੇ ਵਿੱਚ ਲੈ ਲਈ ਹੈ।