- ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਹਿ ਚੁੱਕੇ ਹਨ ਸਲਾਹਕਾਰ
ਚੰਡੀਗੜ੍ਹ, 27 ਮਈ 2023 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਪੰਜਾਬ ਵਿਜੀਲੈਂਸ ਨੇ ਮੁੜ ਤਲਬ ਕੀਤਾ ਹੈ। ਇਸ ਵਾਰ ਉਸ ਨੂੰ ਵਿਜੀਲੈਂਸ ਵੱਲੋਂ ਦਸਵੀਂ ਵਾਰ ਤਲਬ ਕੀਤਾ ਗਿਆ ਹੈ। ਚਾਹਲ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਣੀ ਹੈ।
ਜ਼ਿਕਰਯੋਗ ਹੈ ਕਿ ਚਾਹਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਵਿਜੀਲੈਂਸ ਜਾਂਚ ਟੀਮ ਨੇ ਚਹਿਲ ਤੋਂ ਪਿਛਲੇ 6 ਸਾਲਾਂ ਦੌਰਾਨ ਬਣਾਈ ਜਾਇਦਾਦ ਦਾ ਰਿਕਾਰਡ ਮੰਗਿਆ ਹੈ। ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਮੇਂ-ਸਮੇਂ ’ਤੇ ਦਸ ਨੋਟਿਸ ਜਾਰੀ ਕੀਤੇ ਗਏ ਹਨ ਪਰ ਨਾ ਤਾਂ ਉਨ੍ਹਾਂ ਕਿਸੇ ਨੋਟਿਸ ਦਾ ਜਵਾਬ ਦਿੱਤਾ ਹੈ ਅਤੇ ਨਾ ਹੀ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਪੁੱਜੇ ਹਨ।
ਪੰਜਾਬ ਵਿਜੀਲੈਂਸ ਨੇ ਚਾਹਲ ਦੇ ਘਰ ਅਤੇ ਪੈਲੇਸ ਦੇ ਬਾਹਰ ਨੋਟਿਸ ਵੀ ਚਿਪਕਾਏ ਹਨ। ਪਰ ਜਾਂਚ ਟੀਮ ਵੱਲੋਂ ਹਰ ਕਾਰਵਾਈ ਦੇ ਬਾਵਜੂਦ ਚਾਹਲ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਇਸ ਵਾਰ ਵੀ ਉਹ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਇਸ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੈ।
ਪਟਿਆਲਾ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਨੇ ਵੀ ਭਰਤ ਇੰਦਰ ਸਿੰਘ ਚਾਹਲ ਦੀਆਂ ਜਾਇਦਾਦਾਂ ਦੀ ਫਿਜ਼ੀਕਲ ਜਾਂਚ ਕੀਤੀ ਹੈ। ਟੀਮ ਨੇ ਪਹਿਲਾਂ ਹੀ ਪਟਿਆਲਾ-ਸਰਹਿੰਦ ਰੋਡ ‘ਤੇ ਸਥਿਤ ਉਨ੍ਹਾਂ ਦੇ ਮੈਰਿਜ ਪੈਲੇਸ ਅਤੇ ਸ਼ਾਪਿੰਗ ਮਾਲ ਦੀ ਮਿਣਤੀ ਕੀਤੀ ਹੈ। ਇਸ ਦੌਰਾਨ ਹੋਈ ਕੁਤਾਹੀ ਦੇ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਹਨ।