ਅੰਮ੍ਰਿਤਸਰ, 27 ਮਈ 2023 – ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਰਿਆੜ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਤ 1 ਵਜੇ ਦੇ ਕਰੀਬ 2 ਚੋਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ। ਚੋਰਾਂ ਨੂੰ ਹੋਰ ਕੁਝ ਨਾ ਮਿਲਿਆ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ‘ਚ ਰੱਖੀ ਐਲ.ਈ.ਡੀ. ਚੋਰੀ ਕਰ ਲਈ। ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਘਟਨਾ ਕੰਗ ਰਿਆੜ ਚੜ੍ਹਦੀ ਪੱਤੀ ਸਥਿਤ ਗੁਰਦੁਆਰਾ ਸਾਹਿਬ ਦੀ ਹੈ। ਸੀ.ਸੀ.ਟੀ.ਵੀ. ਮੁਤਾਬਕ ਰਾਤ 1 ਵਜੇ ਦੇ ਕਰੀਬ 2 ਨਕਾਬਪੋਸ਼ ਚੋਰ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ। ਚੋਰ ਗੁਰਦੁਆਰੇ ਦੇ ਦਰਵਾਜ਼ੇ ”ਚ ਇੱਟ ਫਸਾ ਕੇ ਅੰਦਰ ਵੜੇ। ਚੋਰਾਂ ਨੇ ਗੋਲਕ ਤੋੜਨ ਦੀ ਕੋਸ਼ਿਸ਼ ਕੀਤੀ ਪਰ ਗੋਲਕ ‘ਤੇ 5 ਤਾਲੇ ਸਨ। ਚੋਰਾਂ ਨੇ 3 ਤਾਲੇ ਤੋੜੇ, ਪਰ 2 ਤਾਲੇ ਨਹੀਂ ਟੁੱਟੇ। ਅੰਤ ਵਿੱਚ ਹੱਥ ਕੁਝ ਨਾ ਲੱਗਾ, ਤਾਂ ਚੋਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਲਗਾਈ ਐਲ.ਈ.ਡੀ. ਚੋਰੀ ਕਰ ਲਈ।
ਗੁਰਦੁਆਰੇ ਦੇ ਸੇਵਾਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਾ। ਕੁਝ ਇੱਟਾਂ ਗੁਰਦੁਆਰੇ ਦੇ ਨੇੜੇ ਰੱਖੀਆਂ ਗਈਆਂ ਸਨ ਅਤੇ ਕੁਝ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਕੋਲ ਵੀ ਰੱਖੀਆਂ ਗਈਆਂ ਸਨ। ਗੁਰਦੁਆਰਾ ਸਾਹਿਬ ਵਿਚੋਂ ਗੋਲਕ ਦੇ 3 ਤਾਲੇ ਟੁੱਟੇ ਹੋਏ ਸਨ ਅਤੇ ਇਕ ਐਲ.ਈ.ਡੀ. ਗਾਇਬ ਸੀ।
ਗੁਰਦੁਆਰਾ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰਾ ਕੰਪਲੈਕਸ ਦੀ ਵੀਡੀਓ ਕੈਪਚਰ ਹੋ ਗਈ ਹੈ। ਪਿੰਡ ਦੇ ਹੋਰ ਕੈਮਰਿਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਜਲਦੀ ਹੀ ਚੋਰ ਫੜ ਲਏ ਜਾਣਗੇ।