ਮਹਾਰਾਸ਼ਟਰ ‘ਚ 3 ਸਿੱਖ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਮਾਰ, 1 ਦੀ ਮੌ+ਤ

  • ਬਾਦਲ ਤੇ ਧਾਮੀ ਨੇ ਦੁੱਖ ਪ੍ਰਗਟਾਇਆ
  • ਮਹਾਰਾਸ਼ਟਰ ’ਚ ਸਿੱਖ ਨੌਜੁਆਨਾਂ ਦੀ ਕੁਟਮਾਰ ਮਾਨਵਤਾ ਦੇ ਨਾਂ ’ਤੇ ਧੱਬਾ- ਐਡਵੋਕੇਟ ਧਾਮੀ
  • ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਵਿਚ ਤਿੰਨ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ’ਤੇ ਹੈਰਾਨੀ ਤੇ ਰੋਸ ਪ੍ਰਗਟਾਇਆ

ਮੁੰਬਈ, 31 ਮਈ 2023 – ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ‘ਚ ਸਿੱਖ ਭਾਈਚਾਰੇ ਦੇ 3 ਬੱਚਿਆਂ ਨਾਲ ਮੌਬ ਲਿੰਚਿੰਗ ਦੀ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਭੀੜ ਨੇ 3 ਸਿੱਖ ਬੱਚਿਆਂ ਨੂੰ ਬੱਕਰੀ ਚੋਰ ਸਮਝ ਕੇ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ‘ਚੋਂ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਪੁਲਸ ਨੇ 2 ਨੂੰ ਬਚਾ ਕੇ ਹਸਪਤਾਲ ‘ਚ ਦਾਖਲ ਕਰਵਾਇਆ।

ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ‘ਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਇਸ ਘਟਨਾ ‘ਚ ਸ਼ਾਮਿਲ ਮੁੱਖ ਦੋਸ਼ੀ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ, 27 ਮਈ ਨੂੰ ਮਹਾਰਾਸ਼ਟਰ ਦੇ ਪਰਭਣੀ ‘ਚ 3 ਸਿੱਖ ਬੱਚਿਆਂ ਨੂੰ ਲੋਕਾਂ ਨੇ ਬੱਕਰੀ ਚੋਰ ਸਮਝ ਕੇ ਕੁੱਟ ਦਿੱਤਾ ਸੀ, ਜਿਨ੍ਹਾਂ ਵਿੱਚ ਇਕ ਸਿੱਖ ਬੱਚੇ ਦੀ ਮੌਤ ਹੋ ਗਈ ਹੈ।

ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵੱਲੋਂ 3 ਨੌਜੁਆਨ ਸਿੱਖਾਂ ਦੀ ਕੁਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕਿਰਪਾਲ ਸਿੰਘ ਨਾਮੀ ਸਿੱਖ ਨੌਜੁਆਨ ਦਾ ਕਤਲ ਕਰ ਦਿੱਤਾ ਗਿਆ ਹੈ, ਜਦਕਿ ਦੋ ਹੋਰ ਸਿੱਖ ਅਵਤਾਰ ਸਿੰਘ ਤੇ ਅਰੁਣ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਇਸ ਘਟਨਾ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ ਹੈ ਅਤੇ ਪੂਰੇ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਹੈ। ਇਹ ਘਿਨੌਣਾ ਅਪਰਾਧ ਮਨੁੱਖਤਾ ਦੇ ਨਾਂ ’ਤੇ ਧੱਬਾ ਹੈ, ਜਿਸ ਦੇ ਦੋਸ਼ੀ ਸਖ਼ਤ ਸਜ਼ਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਪੁਲਿਸ ਇਸ ਘਟਨਾ ਦੇ ਸਾਰੇ ਦੋਸ਼ੀਆਂ ਦੀ ਪਛਾਣ ਕਰੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੇ ਮਿਸਾਲੀ ਸਜ਼ਾ ਯਕੀਨੀ ਬਣਾਵੇ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਵਿਚ ਤਿੰਨ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ’ਤੇ ਹੈਰਾਨੀ ਤੇ ਰੋਸ ਪ੍ਰਗਟ ਕੀਤਾ ਹੈ। ਅਕਾਲੀ ਆਗੂ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਜਿਹੜੇ ਅਪਰਾਧੀ ਸਭ ਤੋਂ ਵੱਧ ਦੇਸ਼ ਭਗਤ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹਨਾਂ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਮਹਾਰਾਸ਼ਟਰ ਪੁਲਿਸ ਤੋਂ ਆਸ ਕਰ ਰਹੀ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਕਾਬੂ ਕਰੇਗੀ ਤੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆਏਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਜ਼ਾਰਤ ਨਵੇਂ ਮੰਤਰੀਆਂ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਗਵਰਨਰ ਨੇ ਚੁਕਾਈ ਸਹੁੰ

CM ਮਾਨ ਨੇ ਨਵੇਂ ਮੰਤਰੀਆਂ ਨੂੰ ਵੰਡੇ ਮਹਿਕਮੇ, ਦੇਖੋ ਕਿਸ ਨੂੰ ਮਿਲਿਆ ਕਿਹੜਾ-ਕਿਹੜਾ ਮਹਿਕਮਾਂ