- ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰ ਕੇ ਰਾਜਧਾਨੀ ਤੋਂ ਪੰਜਾਬ ਦਾ ਦਾਆਵਾ ਖ਼ਤਮ ਕੀਤਾ
- ਪੰਜਾਬ ਯੂਨੀਵਰਸਿਟੀ ਪਾਠਕ੍ਰਮ ਚੋਂ ਵੀ ਪੰਜਾਬੀ ਭਾਸ਼ਾ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ
ਚੰਡੀਗੜ੍ਹ, 31 ਮਈ 2023: ਕੇਂਦਰੀ ਸਿੰਘ ਸਭਾ ਨੇ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਉਪਰ ਕੀਤੇ ਜਾ ਰਹੇ ਹਮਲਿਆਂ ਅਤੇ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ।
ਇੱਥੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਚੱਲ ਰਹੇ ਆਕਾਸ਼ਵਾਣੀ ਡਾਇਰੈਕਟੋਰੇਟ ਨੇ ਚੰਡੀਗੜ੍ਹ ਤੋਂ ਪੰਜਾਬੀ ਖ਼ਬਰਾਂ ਦਾ ਯੂਨਿਟ ਜਲੰਧਰ ਤਬਦੀਲ ਕਰ ਕੇ ਜਿੱਥੇ ਆਕਾਸ਼ਵਾਣੀ ਚੰਡੀਗੜ੍ਹ ਨਾਲ ਜੁੜੇ ਲੱਖਾਂ ਸਰੋਤਿਆਂ ਨੂੰ ਪੰਜਾਬੀ ਖ਼ਬਰਾਂ ਅਤੇ ਇਸ ਉਪਰ ਆਧਾਰਿਤ ਪ੍ਰੋਗਰਾਮ ਤੋਂ ਵਾਂਝੇ ਕੀਤਾ ਹੈ ਉੱਥੇ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਵੀ ਕਮਜ਼ੋਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।
ਬੁਲਾਰਿਆਂ ਨੇ ਦਸਿਆ ਕਿ 14 ਮਈ ਤੇ ਆਕਾਸ਼ਵਾਣੀ ਦੀ ਵੈਬਸਾਈਟ ਤੋਂ ਪੰਜਾਬੀ ਦੀਆਂ ਪ੍ਰਦੇਸ਼ਕ ਖ਼ਬਲਾਂ ਦੀ ਟੈਕਸਟ ਗਾਇਬ ਹੈ ਜੋ ਦੇਸ਼ ਵਿਦੇਸ਼ ’ਚ ਬੈਠੇ ਲੋਕਾਂ ਤੱਕ ਪੰਜਾਬ ਦੀਆਂ ਖ਼ਬਰਾਂ ਪੁਚਾਉਂਦੀ ਸੀ। ਇਸ ਤੋਂ ਇਲਾਵਾ ਸ਼ਾਮ ਨੂੰ ਚੰਡੀਗੜ੍ਹ ਸਟੇਸ਼ਨ ਤੋਂ 2 ਵਾਰ ਨਸ਼ਰ ਹੋਣ ਵਾਲੀਆਂ ਐਫ.ਐਮ ਹੈਡਲਾਈਨਜ਼ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ ਦੀਆਂ ਖ਼ਬਰਾਂ ਹਟਾ ਦਿੱਤੀਆਂ ਗਈਆਂ ਹਨ।
ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ (ਜਿਸ ਵਿੱਚ ਬਹੁਤੇ ਮੈਂਬਰ ਪੰਜਾਬ ਵਿਰੋਧੀ ਹਨ) ਨੇ ਯੂਨੀਵਰਸਿਟੀ ਦੀ ਗਰੈਜੂਏਸ਼ਨ ਕੋਰਸਾਂ ਵਿੱਚੋਂ ਪੰਜਾਬੀ ਦਾ ਲਾਜ਼ਮੀ ਵਿਸ਼ਾ ਹਟਾਉਣ ਦਾ ਫੈਸਲਾ ਲਿਆ ਹੈ, ਜੋ ਸਰਾਸਰ ਪੰਜਾਬੀ ਅਤੇ ਪੰਜਾਬ ਵਿਰੋਧੀ ਫੈਸਲਾ ਹੈ।
ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਇਹ ਸ਼ਹਿਰ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ। ਉਹਨਾਂ ਨੇ ਕਿਹਾ ਦੇਸ਼ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਸਿਰਫ਼ ਚੰਡੀਗੜ੍ਹ ਹੀ ਅਜਿਹਾ ਪ੍ਰਦੇਸ਼ ਹੈ ਜਿਸ ਨੂੰ ਇਸ ਦੀ ਮਾਂ ਬੋਲੀ ਤੋਂ ਤੋੜਿਆ ਗਿਆ ਹੈ ਜਦ ਕਿ ਹੋਰਨਾਂ ਕੇਂਦਰੀ ਪ੍ਰਦੇਸ਼ਾਂ ਦੀ ਸਰਕਾਰੀ ਭਾਸ਼ਾ ਉਥੋਂ ਦੇ ਲੋਕਾਂ ਦੀ ਬੋਲੀ ਹੀ ਰੱਖੀ ਗਈ ਹੈ ਸਿਰਫ਼ ਚੰਡੀਗੜ੍ਹ ਉਪਰ ਹੀ ਅੰਗਰੇਜ਼ੀ ਅਤੇ ਹਿੰਦੀ ਥੋਪੀ ਗਈ ਹੈ।
ਇਹ ਸਾਂਝਾ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ(ਅਕਾਲ ਪੁਰਖ ਕੀ ਫੌਜ), ਭਾਈ ਅਸੋਕ ਸਿੰਘ ਬਾਗੜੀਆਂ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਆਦਿ।