- ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਹੋਏ ਸੀ ਆਹਮੋ-ਸਾਹਮਣੇ,
- ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਹੋਏ ਸੀ ਇਕੱਠੇ
ਜਲੰਧਰ, 2 ਜੂਨ 2023 – ਜਲੰਧਰ ‘ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇੱਕ-ਦੂਜੇ ਨੂੰ ਜੱਫੀਆਂ ਪਾਉਂਦੇ ਨਜ਼ਰ ਆਏ।
ਆਮ ਪ੍ਰੋਗਰਾਮ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਥਾਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਅਤੇ ਇਕ-ਦੂਜੇ ਨੂੰ ਤਿੱਖਾ ਨਿਸ਼ਾਨਾ ਬਣਾਉਣ ਵਾਲੇ ਦੋਵੇਂ ਆਗੂ ਸਰਬ ਪਾਰਟੀ ਮੀਟਿੰਗ ਵਿਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ।
ਮਜੀਠੀਆ ਨੂੰ ਜੱਫੀ ਪਾਉਣ ਤੋਂ ਬਾਅਦ ਸਿੱਧੂ ਨੇ ਮਜ਼ਾਕੀਆ ਲਹਿਜੇ ‘ਚ ਕਿਹਾ ਕਿ ਜੱਫੀ ਪਾਈ ਹੈ, ਪੱਪੀ ਨਹੀਂ ਲਾਈ। ਇਸ ‘ਤੇ ਪੂਰੇ ਹਾਲ ‘ਚ ਹਾਸਾ ਮਚ ਗਿਆ। ਉਦੋਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ ਜੋ ਭਵਿੱਖ ਵਿੱਚ ਵੀ ਰਹਿਣਗੇ।
ਸਿੱਧੂ ਨੇ ਕਿਹਾ ਕਿ ਦੂਰੀ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਹੱਥ ਮਿਲਾਉਣ ਦੇ ਵੀ ਯੋਗ ਨਾ ਹੋਵੇ। ਉਨ੍ਹਾਂ ਕਿਹਾ ਕਿ ਮੈਂ ਮਜੀਠੀਆ ਨਾਲ ਕਾਫੀ ਦੂਰੀ ਬਣਾ ਲਈ ਸੀ, ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ। ਬੰਦਾ ਚਾਹੇ ਜਿੰਨਾ ਮਰਜ਼ੀ ਗੁੱਸਾ ਕਿਉਂ ਨਾ ਕਰ ਲਵੇ ਪਰ ਜਦੋਂ ਉਹ ਦੁਨੀਆ ਦੇ ਸਾਹਮਣੇ ਮਿਲੇ ਤਾਂ ਘੱਟੋ-ਘੱਟ ਹੱਥ ਮਿਲਾਉਣ ਦੇ ਲਾਇਕ ਤਾਂ ਹੋਣਾ ਚਾਹੀਦਾ ਹੈ। ਮੇਰੇ ਵੀ ਮਤਭੇਦ ਹਨ, ਪਰ ਉਹ ਸਿਆਸੀ ਹਨ।
ਜਦੋਂ ਤੱਕ ਦੋਵੇਂ ਜੇਲ੍ਹ ਨਹੀਂ ਗਏ ਸਨ, ਉਦੋਂ ਤੱਕ ਇੱਕ ਦੂਜੇ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ, ਜਦੋਂ ਦੋਵਾਂ ਨੇ ਪਟਿਆਲਾ ਜੇਲ੍ਹ ਵਿੱਚ ਸਾਲ ਬਿਤਾਇਆ, ਤਾਂ ਉੱਥੇ ਦੇ ਭੋਜਨ ਅਤੇ ਪਾਣੀ ਨੇ ਇੱਕ ਦੂਜੇ ਪ੍ਰਤੀ ਦੁਸ਼ਮਣੀ ਖਤਮ ਕਰ ਦਿੱਤੀ। ਪਿਛਲੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਸਿੱਧੂ ਨੇ ਮਜੀਠੀਆ ਖਿਲਾਫ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸਿੱਧੂ ਨੇ ਵਿਧਾਨ ਸਭਾ ‘ਚ ਮਜੀਠੀਆ ਨੂੰ ਜਨਤਕ ਤੌਰ ‘ਤੇ ਚਿੱਟੇ ਦਾ ਵਪਾਰੀ ਕਿਹਾ ਸੀ ਅਤੇ ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਸੀ। ਦੂਜੇ ਪਾਸੇ ਮਜੀਠੀਆ ਸਿੱਧੂ ਨੂੰ ਠੋਕੋ ਟਾਲੀ ਕਹਿ ਕੇ ਤਾਅਨੇ ਮਾਰਦਾ ਸੀ। ਸਿੱਧੂ ਕਹਿੰਦਾ ਸੀ ਜਿਸ ਕੋਲ ਕਦੇ ਸਾਈਕਲ ਸੀ, ਅਮਰੀਕਾ ਵਿੱਚ ਰੇਂਜਰੋਵਰ ਤੇ ਪਾਰਕਿੰਗ ਲਾਟ ਕਿੱਥੋਂ ਆਇਆ ? ਸਿੱਧੂ ਨੇ ਮਜੀਠੀਆ ਨੂੰ ਸ਼ਰਾਬ ਮਾਫੀਆ ਡਰੱਗ ਮਾਫੀਆ ਕਿਹਾ ਸੀ।