ਨਵੀਂ ਦਿੱਲੀ, 2 ਜੂਨ 2023 – ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ‘ਚ ਇਕ 17 ਸਾਲਾ ਲੜਕੇ ਨੂੰ ਪੁਲਸ ਨੇ ਨਾਬਾਲਗ ਲੜਕੀ ਨਾਲ ਵਿਆਹ ਕਰਵਾਉਣ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ 29 ਮਈ ਨੂੰ ਲਾਲ ਬਹਾਦੁਰ ਸ਼ਾਸਤਰੀ (ਐਲਬੀਐਸ) ਹਸਪਤਾਲ ਤੋਂ ਪੀਸੀਆਰ ਕਾਲ ਆਈ ਸੀ ਕਿ 7 ਮਹੀਨੇ ਦੀ ਨਾਬਾਲਗ ਗਰਭਵਤੀ ਬੱਚੀ ਜਾਂਚ ਲਈ ਹਸਪਤਾਲ ਆਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਸਰਗਰਮ ਹੋ ਗਈ ਅਤੇ ਹਸਪਤਾਲ ਪਹੁੰਚ ਕੇ ਜਾਂਚ ਕੀਤੀ।
ਇਸ ਸੰਬੰਧੀ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਥੇ ਪੱਛਮੀ ਬੰਗਾਲ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਮੌਜੂਦ ਸੀ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਚਚੇਰੇ ਭਰਾ ਦੇ ਪ੍ਰੇਮ ਸਬੰਧ ਸਨ। ਦੋਵਾਂ ਨੇ ਸਹਿਮਤੀ ਨਾਲ ਵਿਆਹ ਕੀਤਾ ਹੈ। ਇਕ ਸੀਨੀਅਰ ਪੁਲਸ ਜਾਣਕਾਰੀ ਦਿੱਤੀ ਕਿ ਲੜਕੀ ਨੇ ਦੱਸਿਆ ਕਿ ਉਨ੍ਹਾਂ ਦਾ ਪੱਛਮੀ ਬੰਗਾਲ ‘ਚ 25 ਅਗਸਤ 2022 ਨੂੰ ‘ਨਿਕਾਹ’ ਹੋਇਆ ਸੀ। ਇਸ ਤੋਂ ਬਾਅਦ ਉਹ ਦਿੱਲੀ ਆ ਗਏ।
ਪੁਲਿਸ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਦੋਵੇਂ ਜਨਵਰੀ ਵਿੱਚ ਪੱਛਮੀ ਬੰਗਾਲ ਤੋਂ ਦਿੱਲੀ ਆਏ ਸਨ ਅਤੇ ਪੱਛਮੀ ਜਵਾਹਰ ਪਾਰਕ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਸਨ। ਇੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਪਤੀ-ਪਤਨੀ ਦੱਸਿਆ। ਲੜਕੀ 29 ਮਈ ਨੂੰ ਐਲਬੀਐਸ ਹਸਪਤਾਲ ਵਿੱਚ ਰੈਗੂਲਰ ਚੈਕਅੱਪ ਲਈ ਆਈ ਸੀ। ਲੜਕੀ ਨਾਬਾਲਗ ਹੋਣ ਕਾਰਨ ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਸਖੀ ਕੇਂਦਰ ਬੁਲਾ ਕੇ ਪੁਲੀਸ ਨੂੰ ਵੀ ਸੂਚਿਤ ਕੀਤਾ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ, ਭਾਰਤੀ ਦੰਡ ਵਿਧਾਨ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਲੜਕੀ ਨੂੰ ਕਾਉਂਸਲਿੰਗ ਅਤੇ ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ, ਜਦਕਿ ਲੜਕੇ ਨੂੰ ਮੰਗਲਵਾਰ ਨੂੰ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ) ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਜੇਜੇਬੀ ਨੇ ਨਾਬਾਲਗ ਨੂੰ ਨਿਗਰਾਨੀ ਹੇਠ ਰਿਹਾਅ ਕਰ ਦਿੱਤਾ ਅਤੇ ਉਮਰ ਦੀ ਤਸਦੀਕ ਲਈ ਸੁਣਵਾਈ ਦੀ ਅਗਲੀ ਤਰੀਕ ਤੈਅ ਕੀਤੀ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।