- 900 ਤੋਂ ਜ਼ਿਆਦਾ ਜ਼ਖਮੀ,
- ਅੱਜ ਕੇਂਦਰੀ ਰੇਲ ਮੰਤਰੀ ਵੀ ਪਹੁੰਚ ਰਹੇ ਹਾਦਸੇ ਵਾਲੀ ਥਾਂ ‘ਤੇ,
- PM ਮੋਦੀ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ,
- ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ,
- ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ,
- ਮਾਮੂਲੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ
ਓਡੀਸ਼ਾ, 3 ਜੂਨ 2023 – ਓਡੀਸ਼ਾ ਦੇ ਬਾਲਾਸੋਰ ਜ਼ਿਲੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਦਰਦਨਾਕ ਰੇਲ ਹਾਦਸੇ ‘ਚ ਹੁਣ ਤੱਕ 233 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 900 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦਰਅਸਲ, ਕੋਰੋਮੰਡਲ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ ਇਹ ਦੂਜੀ ਲਾਈਨ ‘ਤੇ ਉਲਟ ਲਾਈਨ ਤੋਂ ਆ ਰਹੀ ਇਕ ਹੋਰ ਰੇਲਗੱਡੀ ਨਾਲ ਟਕਰਾ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਓਡੀਸ਼ਾ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੱਖਣੀ ਪੂਰਬੀ ਜ਼ੋਨ ਦੇ ਕਮਿਸ਼ਨਰ ਰੇਲਵੇ ਸੇਫਟੀ (ਸੀਆਰਐਸ) ਏਐਮ ਚੌਧਰੀ ਇਸ ਵੱਡੇ ਰੇਲ ਹਾਦਸੇ ਦੀ ਜਾਂਚ ਕਰਨਗੇ।
ਓਡੀਸ਼ਾ ਦੇ ਮੁੱਖ ਸਕੱਤਰ ਅਨੁਸਾਰ 233 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਰੇਲ ਹਾਦਸੇ ‘ਚ ਜ਼ਖਮੀਆਂ ਨੂੰ ਇਲਾਜ ਲਈ ਗੋਪਾਲਪੁਰ, ਕਾਂਤਾਪਾੜਾ, ਬਾਲਾਸੋਰ, ਭਦਰਕ ਅਤੇ ਸੋਰੋ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ। ਕਈ ਲੋਕ ਪਟੜੀ ਤੋਂ ਉਤਰੇ ਡੱਬਿਆਂ ਵਿੱਚ ਫਸ ਗਏ ਸਨ ਅਤੇ ਸਥਾਨਕ ਲੋਕ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਬਚਾਉਣ ਵਿੱਚ ਮਦਦ ਕਰ ਰਹੇ ਸਨ, ਪਰ ਹਨੇਰੇ ਕਾਰਨ ਕਾਰਵਾਈ ਵਿੱਚ ਰੁਕਾਵਟ ਆ ਰਹੀ ਸੀ।
ਇਸ ਰੂਟ ਤੋਂ ਲੰਘਣ ਵਾਲੀਆਂ ਕਰੀਬ 92 ਹੋਰ ਟਰੇਨਾਂ ਰੇਲ ਹਾਦਸੇ ਕਾਰਨ ਪ੍ਰਭਾਵਿਤ ਹੋਈਆਂ ਹਨ। ਨਤੀਜੇ ਵਜੋਂ 43 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 38 ਟਰੇਨਾਂ ਦਾ ਰੂਟ ਡਾਇਵਰਸ਼ਨ ਕੀਤਾ ਗਿਆ। ਜਦਕਿ 9 ਟਰੇਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਰੇਲਗੱਡੀ ਦਾ ਸਮਾਂ ਬਦਲਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਹਾਦਸੇ ਤੋਂ ਦੁਖੀ ਹਨ, ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ। ਮੋਦੀ ਨੇ ਕਿਹਾ, “ਮੈਂ ਓਡੀਸ਼ਾ ਵਿੱਚ ਰੇਲ ਹਾਦਸੇ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਇਸ ਦੇ ਨਾਲ ਹੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਓਡੀਸ਼ਾ ਵਿੱਚ ਹੋਏ ਰੇਲ ਹਾਦਸੇ ਸਬੰਧੀ ਮੁਆਵਜ਼ੇ ਦਾ ਐਲਾਨ ਕੀਤਾ ਹੈ। ਵੈਸ਼ਨਵ ਨੇ ਟਵੀਟ ਕੀਤਾ- ਓਡੀਸ਼ਾ ਵਿੱਚ ਇਸ ਮੰਦਭਾਗੀ ਰੇਲ ਹਾਦਸੇ ਵਿੱਚ ਮਰਨ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50,000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰੇਲ ਹਾਦਸੇ ਤੋਂ ਬਾਅਦ ਰਾਜ ਦਿਵਸ ਦੇ ਜਸ਼ਨਾਂ ਨੂੰ ਰੱਦ ਕਰਦੇ ਹੋਏ ਇੱਕ ਦਿਨ ਦੇ ਰਾਜ ਦੇ ਸੋਗ ਦਾ ਐਲਾਨ ਕੀਤਾ ਹੈ। ਰੇਲ ਹਾਦਸੇ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਓਡੀਸ਼ਾ ਦਾ ਦੌਰਾ ਕਰ ਸਕਦੀ ਹੈ। ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ ਡੀਆਰਐਮ ਮੁਤਾਬਕ ਰੇਲ ਹਾਦਸੇ ਤੋਂ ਬਾਅਦ ਘੱਟੋ-ਘੱਟ 13 ਟਰੇਨਾਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ।
ਉੜੀਸਾ ‘ਚ ਰੇਲ ਹਾਦਸੇ ਕਾਰਨ ਸ਼ਨੀਵਾਰ ਸਵੇਰੇ ਹੋਣ ਵਾਲੀ ਮੁੰਬਈ-ਗੋਆ ਵੰਦੇ ਭਾਰਤ ਐਕਸਪ੍ਰੈੱਸ ਦਾ ਉਦਘਾਟਨ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ। ਪੀਐਮ ਮੋਦੀ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣ ਵਾਲੇ ਸਨ। ਸਮਾਗਮ ਸਵੇਰੇ 10:30 ਵਜੇ ਹੋਣਾ ਸੀ।